ਸੰਤੋਖ ਗਿੱਲ
ਗੁਰੂਸਰ ਸੁਧਾਰ, 24 ਮਈ
ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਵਿਚ ਮਹਾਨ ਗ਼ਦਰੀ ਸ਼ਹੀਦ ਦੇ 125ਵੇਂ ਜਨਮ ਦਿਨ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂਆਂ ਨੇ ਮਹਾਨ ਗ਼ਦਰੀ ਕਰਤਾਰ ਸਿੰਘ ਸਰਾਭਾ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਦੇਸ਼ ਵਾਸੀਆਂ ਖ਼ਾਸਕਰ ਨੌਜਵਾਨਾਂ ਨੂੰ ਸ਼ਹੀਦਾਂ ਦੇ ਦਰਸਾਏ ਰਾਹ ਉੱਤੇ ਚੱਲਣ ਦੀ ਅਪੀਲ ਕੀਤੀ। ਬੁਲਾਰਿਆਂ ਨੇ ਕਿਹਾ ਕਿ ਗ਼ਦਰ ਪਾਰਟੀ ਨੇ ਧਰਮ ਨੂੰ ਨਿੱਜੀ ਮਾਮਲਾ ਦੱਸਦਿਆਂ ਦੇਸ਼ ਦੀ ਆਜ਼ਾਦੀ ਲਈ ਬਰਤਾਨਵੀ ਸਾਮਰਾਜ ਵਿਰੁੱਧ ਗ਼ਦਰ ਲਈ ਪ੍ਰੇਰਿਆ ਸੀ। ਉਨ੍ਹਾਂ ਕਿਹਾ ਕਿ ਅੱਜ ਵੀ ਧਾਰਮਿਕ ਅਤੇ ਜਾਤੀਵਾਦੀ ਵਲਗਣਾਂ ਨੂੰ ਪਾਸੇ ਰੱਖਦਿਆਂ ਫਾਸ਼ੀਵਾਦੀ ਮੋਦੀ ਹਕੂਮਤ ਨੂੰ ਜੜ੍ਹੋਂ ਪੁੱਟਣ ਲਈ ਏਕਾ ਉਸਾਰਨ ਦੀ ਲੋੜ ਹੈ। ਲੋਕ ਸਭਿਆਚਾਰਕ ਮੰਚ ਦੇ ਆਗੂ ਅਤੇ ਦੇਸ਼ ਭਗਤ ਯਾਦਗਾਰ ਜਲੰਧਰ ਦੇ ਟਰੱਸਟੀ ਅਮੋਲਕ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਸਾਧੂ ਸਿੰਘ ਪੰਜੇਟਾ ਅਤੇ ਬਲਵੰਤ ਸਿੰਘ ਘੁਡਾਣੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਵੀ ਕਿਸਾਨੀ ਘੋਲ ਨੂੰ ਕੁਰਾਹੇ ਪਾਉਣ ਲਈ ਮੋਦੀ ਸਰਕਾਰ ਦੇ ਕਈ ਦਲਾਲ ਸਰਗਰਮ ਹਨ, ਉਨ੍ਹਾਂ ਏਕਤਾ ਮਜ਼ਬੂਤ ਕਰਨ ਤੇ ਸਰਕਾਰ ਦੀਆਂ ਸਭ ਚਾਲਾਂ ਨੂੰ ਫ਼ੇਲ੍ਹ ਕਰਨ ਦਾ ਸੱਦਾ ਦਿੱਤਾ। ਇਲਾਕੇ ਦੀਆਂ ਨੌਜਵਾਨ ਅਤੇ ਖੇਡ ਕਲੱਬਾਂ ਤੋਂ ਇਲਾਵਾ ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ ਵੱਲੋਂ ਵੀ ਸਮਾਗਮ ਵਿਚ ਸ਼ਮੂਲੀਅਤ ਕੀਤੀ ਅਤੇ ਸਹਿਯੋਗ ਦਿੱਤਾ ਗਿਆ। ਪਿੰਡ ਕਾਲਖ ਤੋਂ ਮਾਤਾ ਜਸਵੀਰ ਕੌਰ ਦੀ ਅਗਵਾਈ ਵਿਚ ਪਹੁੰਚੇ ਪੈਦਲ ਜਥੇ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਕਿਸਾਨ ਆਗੂ ਗੁਰਪ੍ਰੀਤ ਸਿੰਘ ਨੂਰਪੁਰਾ, ਗੁਰਚਰਨ ਸਿੰਘ ਨੂਰਪੁਰਾ, ਦੇਵ ਸਰਾਭਾ ਸਮੇਤ ਹੋਰ ਸਿਰਕੱਢ ਕਿਸਾਨ ਆਗੂਆਂ ਨੇ ਸੰਬੋਧਨ ਕੀਤਾ ਅਤੇ 25 ਮਈ ਨੂੰ ਦੇਸ਼ ਵਿਚ ਕਾਲਾ ਦਿਨ ਮਨਾਉਣ ਦੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ ਕਾਲੇ ਝੰਡੇ ਲਹਿਰਾਉਣ ਦੀ ਅਪੀਲ ਕੀਤੀ ਗਈ।
ਲੁਧਿਆਣਾ (ਗੁਰਿੰਦਰ ਸਿੰਘ): ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ ਗਿੱਲ ਰੋਡ ਸਥਿਤ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਕੀਟ ਐਸੋਸੀਏਸ਼ਨ ਵੱਲੋਂ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਲੋਕ ਇਨਸਾਫ਼ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਜਤਿੰਦਰਪਾਲ ਸਿੰਘ ਸਲੂਜਾ ਨੇ ਕਿਹਾ ਕਿ ਇਨ੍ਹਾਂ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਅਤੇ ਸਾਨੂੰ ਸ਼ਹੀਦ ਸਰਾਭਾ ਦੇ ਦੱਸੇ ਮਾਰਗ ’ਤੇ ਚੱਲਣ ਦਾ ਪ੍ਰਣ ਲੈਣਾ ਚਾਹੀਦਾ ਹੈ। ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਵੱਲੋਂ ਨਗਰ ਨਿਗਮ ਦੇ ਕਮਿਸ਼ਨਰ ਅਤੇ ਮੇਅਰ ਤੋਂ ਮੰਗ ਕੀਤੀ ਕੇ ਸ਼ਹੀਦ ਦੇ ਨਾਮ ’ਤੇ ਬਣੀ ਇਸ ਮਾਰਕੀਟ ਵਿੱਚ ਕਿਸੇ ਢੁਕਵੀਂ ਥਾਂ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਬੁੱਤ ਵੀ ਲਗਾਇਆ ਜਾਵੇ ਤਾਂ ਜੋ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਰੱਖਿਆ ਜਾ ਸਕੇ।