ਸੰਤੋਖ ਗਿੱਲ
ਗੁਰੂਸਰ ਸੁਧਾਰ, 23 ਫਰਵਰੀ
ਸੰਯੁਕਤ ਕਿਸਾਨ ਮੋਰਚਾ ਅਤੇ ਜਮਹੂਰੀ ਕਿਸਾਨ ਸਭਾ ਵੱਲੋਂ ਚਾਚਾ ਅਜੀਤ ਸਿੰਘ ਦਾ ਜਨਮ ਦਿਨ ਸੰਘਰਸ਼ੀ ਅਖਾੜਿਆਂ ਵਿੱਚ ‘ਪਗੜੀ ਸੰਭਾਲ਼ ਜੱਟਾ ਦਿਵਸ’ ਦੇ ਤੌਰ ’ਤੇ ਮਨਾਇਆ ਗਿਆ। ਕਿਲ੍ਹਾ ਰਾਏਪੁਰ ਵਿੱਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਮਨਾਏ ਸਮਾਗਮ ਦੀ ਅਗਵਾਈ ਸੁਖਵਿੰਦਰ ਕੌਰ ਰਾਣੀ, ਰਾਜਿੰਦਰ ਕੌਰ ਅਤੇ ਕਰਮਜੀਤ ਕੌਰ ਨੇ ਕੀਤੀ। ਇਸ ਮੌਕੇ ਚਾਚਾ ਅਜੀਤ ਸਿੰਘ ਨੂੰ ਯਾਦ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਆਗੂ ਜਗਤਾਰ ਸਿੰਘ ਚਕੋਹੀ ਨੇ ਕਿਹਾ ਕਿ ਚਾਚਾ ਅਜੀਤ ਸਿੰਘ ਦੀ ਅਗਵਾਈ ਵਿੱਚ ਕਿਸਾਨਾਂ ਨੇ ਲੰਮਾ ਸਮਾਂ ਅੰਦੋਲਨ ਕਰਕੇ ਅੰਗਰੇਜ਼ ਸਰਕਾਰ ਨੂੰ ਝੁਕਣ ਲਈ ਮਜਬੂਰ ਕਰ ਦਿੱਤਾ ਸੀ।
ਕਿਸਾਨ ਆਗੂਆਂ ਨੇ ਕਿਹਾ ਕਿ ਚਾਚਾ ਅਜੀਤ ਸਿੰਘ ਦੀ ਵਿਚਾਰਧਾਰਾ ਉੱਤੇ ਪਹਿਰਾ ਦਿੰਦੇ ਹੋਏ ਆਪਣੀ ਹੋਂਦ ਦੀ ਲੜਾਈ ਜਿੱਤ ਕੇ ਵਾਪਸ ਪਰਤਾਂਗੇ। ਇਸ ਮੌਕੇ ਭਾਈ ਮਨਜੀਤ ਸਿੰਘ ਬੁਟਾਹਰੀ ਵਾਲਿਆਂ ਦੇ ਕਵੀਸ਼ਰੀ ਜਥੇ ਨੇ ਕਿਸਾਨੀ ਘੋਲ ਨੂੰ ਸਮਰਪਿਤ ਵਾਰਾਂ ਪੇਸ਼ ਕੀਤੀਆਂ। ਨੌਜਵਾਨ ਆਗੂ ਹਰਨੇਕ ਸਿੰਘ ਗੁੱਜਰਵਾਲ, ਬਿਜਲੀ ਮੁਲਾਜ਼ਮ ਆਗੂ ਕਰਤਾਰ ਸਿੰਘ, ਕਰਨੈਲ ਸਿੰਘ, ਜਰਨੈਲ ਕੌਰ, ਹਰਵਿੰਦਰ ਕੌਰ, ਸੁਖਮਿੰਦਰ ਸਿੰਘ ਮਹਿਮਾ ਸਿੰਘ ਵਾਲਾ, ਸੁਰਜੀਤ ਸਿੰਘ ਸੀਲੋ ਅਤੇ ਕਲੈਕਟਰ ਸਿੰਘ ਨਾਰੰਗਵਾਲ ਨੇ ਵੀ ਕਿਸਾਨਾਂ ਨੂੰ ਸੰਬੋਧਨ ਕੀਤਾ।
ਖੰਨਾ(ਜੋਗਿੰਦਰ ਸਿੰਘ ਓਬਰਾਏ): ਕਿਸਾਨ ਜੱਥੇਬੰਦੀਆਂ ਵੱਲੋਂ ਇਥੋਂ ਦੇ ਰੇਲਵੇ ਸਟੇਸ਼ਨ ਦੇ ਬਾਹਰ ਅਰੰਭਿਆ ਸੰਘਰਸ਼ 146ਵੇਂ ਦਿਨ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਸਿੰਘ ਬੈਨੀਪਾਲ ਦੀ ਅਗਵਾਈ ਹੇਠ ਲਗਾਤਾਰ ਜਾਰੀ ਹੈ ਅਤੇ ਭੁੱਖ ਹੜਤਾਲ ਦੇ 97ਵੇਂ ਦਿਨ ਰਛਪਾਲ ਸਿੰਘ ਅਤੇ ਹਰਮਿੰਦਰ ਸਿੰਘ ਸੇਖੋਂ ਬੈਠੇ। ਅੱਜ ਕਿਸਾਨਾਂ ਨੇ ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਦੇ ਜਨਮ ਦਿਹਾੜੇ ਨੂੰ ਪੱਗੜੀ ਸੰਭਾਲ ਜੱਟਾਂ ਦਿਹਾੜੇ ਵਜੋਂ ਮਨਾ ਕੇ ਕਿਸਾਨ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਬੋਲਦਿਆਂ ਰਾਜਿੰਦਰ ਸਿੰਘ ਬੈਨੀਪਾਲ ਤੇ ਗੁਰਦੀਪ ਸਿੰਘ ਭੱਟੀ ਨੇ ਕਿਹਾ ਕਿ ਕਿਸਾਨ ਉਦੋਂ ਤੱਕ ਸੰਘਰਸ਼ ਜਾਰੀ ਰੱਖਣਗੇ ਜਦੋਂ ਤੱਕ ਕੇਂਦਰ ਦੀ ਭਾਜਪਾ ਸਰਕਾਰ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਕਰ ਲੈਂਦੀ। ਉਨ੍ਹਾਂ ਇਲਾਕੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਚੜ੍ਹ ਕੇ ਦਿੱਲੀ ਮੋਰਚੇ ਨੂੰ ਮਜ਼ਬੂੁਤ ਕਰਨ ਲਈ ਦਿੱਲੀ ਦੇ ਮੋਰਚਿਆਂ ਵਿੱਚ ਸ਼ਮੂਲੀਅਤ ਕਰਨ। ਇਸ ਮੌਕੇ ਨੇੜਲੇ ਪਿੰਡ ਮਲਕਪੁਰ ਦੇ ਨੌਜਵਾਨਾਂ ਦਾ ਜੱਥਾ ਦਿੱਲੀ ਲਈ ਰਵਾਨਾ ਹੋਇਆ।
ਰਾਏਕੋਟ (ਰਾਮ ਗੋਪਾਲ ਰਾਏਕੋਟੀ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਨੇੜਲੇ ਪਿੰਡ ਅੱਚਰਵਾਲ ਵਿੱਚ ਕਿਰਤੀ ਕਿਸਾਨ ਯੂਨੀਅਨ ਵੱਲੋਂ ਸਾਂਝੇ ਤੌਰ ਤੇ ਸ਼ਹੀਦ-ਏ-ਆਜ਼ਮ ਸ਼ਹੀਦ ਭਗਤ ਸਿੰਘ ਦੇ ਚਾਚਾ ਅਤੇ ‘ਪੱਗੜੀ ਸੰਭਾਲ ਜੱਟਾ ਲਹਿਰ’ ਦੇ ਆਗੂ ਅਜੀਤ ਸਿੰਘ ਦਾ ਜਨਮ ਦਿਨ ਮਨਾਇਆ ਗਿਆ। ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸਾਬਕਾ ਸਰਪੰਚ ਗੁਰਚਰਨ ਸਿੰਘ, ਜਗਰੂਪ ਸਿੰਘ ਗਿੱਲ ਅਤੇ ਚਰਨਜੀਤ ਸਿੰਘ ਭੰਮੀਪੁਰਾ ਦੀ ਪ੍ਰਧਾਨਗੀ ਹੇਠ ਕਰਵਾਏ ਇਸ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਸਕੱਤਰ ਸਾਧੂ ਸਿੰਘ ਅੱਚਰਵਾਲ, ਬਲਵਿੰਦਰ ਸਿੰਘ, ਕਿਰਤੀ ਕਿਸਾਨ ਯੂਨੀਅਨ (ਯੂਥ ਵਿੰਗ) ਦੇ ਆਗੂ ਗੁਰਵਿੰਦਰ ਗੱਗੂ ਨੇ ਕਿਹਾ ਕਿ ਅਜੀਤ ਸਿੰਘ ਪਹਿਲੇ ਅੰਦੋਲਨਕਾਰੀਆਂ ਵਿੱਚੋਂ ਸਨ, ਜਿਨ੍ਹਾਂ ਕਿਸਾਨਾਂ ਲਈ ਅੰਗਰੇਜ਼ੀ ਹਕੂਮਤ ਖ਼ਿਲਾਫ਼ ਸੰਘਰਸ਼ ਦਾ ਵਿਗਲ ਵਜਾਇਆ ਸੀ। 1907 ਵਿੱਚ ਜਦੋਂ ਅੰਗਰੇਜ਼ੀ ਹਕੂਮਤ ਖੇਤੀ ਵਿਰੋਧੀ ਕਾਨੂੰਨ ਲੈ ਕੇ ਆਈ ਸੀ ਤਾਂ ਉਸਦੇ ਖ਼ਿਲਾਫ਼ ਚਾਚਾ ਅਜੀਤ ਸਿੰਘ ਨੇ ਪੱਗੜੀ ਸੰਭਾਲ ਜੱਟਾ ਲਹਿਰ ਸ਼ੁਰੂ ਕਰਕੇ ਕਿਸਾਨਾਂ ਨੂੰ ਲਾਮਬੰਦ ਕੀਤਾ ਸੀ। ਉਨ੍ਹਾਂ ਕਿਹਾ ਕਿ ਤਿੰਨੋਂ ਕਾਨੂੰਨਾਂ ਨੂੰ ਰੱਦ ਕਰਵਾਉਣ ਤੋਂ ਬਾਅਦ ਹੀ ਇਹ ਕਿਸਾਨੀ ਸੰਘਰਸ਼ ਨੂੰ ਖ਼ਤਮ ਕੀਤਾ ਜਾਵੇਗਾ। ਪਿੰਡ ਭੈਣੀ ਬੜਿੰਗਾਂ ਵਿਖੇ ਵੀ ਇਹ ਸਮਾਗਮ ਡਾ. ਚਰਨ ਸਿੰਘ ਬੜਿੰਗ ਅਤੇ ਸਰਪੰਚ ਗੁਰਸੇਵਕ ਸਿੰਘ ਦੀ ਅਗਵਾਈ ਹੇਠ ਮਨਾਇਆ ਗਿਆ।
ਲੁਧਿਆਣਾ (ਗੁਰਿੰਦਰ ਸਿੰਘ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ ) ਵੱਲੋਂ ਫਿਰੋਜ਼ਪੁਰ ਰੋਡ ਸਥਿਤ ਐੱਮਬੀਡੀ ਮਾਲ ਦੇ ਸਾਹਮਣੇ ਦਿੱਤੇ ਜਾ ਰਹੇ ਲੜੀਵਾਰ ਧਰਨੇ ਦੌਰਾਨ ਅੱਜ ਪੱਗੜੀ ਸੰਭਾਲ ਜੱਟਾ ਲਹਿਰ ਦੇ ਬਾਨੀ ਚਾਚਾ ਅਜੀਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ।
ਇਸ ਧਰਨੇ ਵਿੱਚ ਅੱਜ ਵੱਖ-ਵੱਖ ਇਲਾਕਿਆਂ ਤੋਂ ਕਾਫਲਿਆਂ ਦੇ ਰੂਪ ਵਿੱਚ ਬੀਬੀਆਂ ਦੇ ਜੱਥੇ ਵੀ ਪੁੱਜੇ ਹੋਏ ਸਨ ਜਿਨ੍ਹਾਂ ਵੱਲੋਂ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਖੇਤੀ ਕਾਨੂੰਨ ਵਾਪਿਸ ਲੈਣ ਦੀ ਮੰਗ ਕੀਤੀ ਗਈ। ਇਸ ਮੌਕੇ ਨਾਟਕ ‘ਇਹ ਦੇਸ਼ ਕਿਸੇ ਦੇ ਬਾਪ ਦਾ ਨਹੀਂ’ ਖੇਡਿਆ ਗਿਆ।
ਇਸੇ ਤਰ੍ਹਾਂ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਦੇਸ਼ ਦੇ ਲੱਖਾਂ ਕਿਸਾਨਾਂ ਦੇ ਸੰਘਰਸ਼ ਦੀ ਹਿਮਾਇਤ ਕਰਦਿਆਂ ਜੇਲ੍ਹਾਂ ਵਿੱਚ ਕੈਦ ਕੀਤੇ ਗਏ ਬੇਹਗੁਨਾਹ ਕਿਸਾਨਾਂ ਦੀ ਤੁਰੰਤ ਰਿਹਾਈ ਕਰਵਾਉਣ ਅਤੇ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਸਮਾਜ ਸੇਵੀ ਆਗੂਆਂ, ਪੱਤਰਕਾਰਾਂ, ਲੇਖਕਾਂ, ਅਤੇ ਬੁੱਧੀਜੀਵੀਆ ਉਪਰ ਸਰਕਾਰ ਵੱਲੋ ਨਾਜਾਇਜ਼ ਤੌਰ ਤੇ ਦਰਜ ਕੀਤੇ ਗਏ ਝੂਠੇ ਪਰਚਿਆਂ ਨੂੰ ਰੱਦ ਕਰਵਾਉਣ ਲਈ ਸ਼ਾਂਤਮਈ ਰੋਸ ਧਰਨਾ ਦੇ ਕੇ ਰੈਲੀ ਕੀਤੀ ਗਈ।
‘ਹੱਕਾਂ ਲਈ ਲੜਨਾ ਆਪਣੀ ਬਹੁ-ਮੁੱਲੀ ਵਿਰਾਸਤ ਤੋਂ ਸਿੱਖਿਆ’
ਜਗਰਾਉਂ(ਚਰਨਜੀਤ ਸਿੰਘ ਢਿੱਲੋਂ): ਸੰਯੁਕਤ ਮੋਰਚੇ ਦੇ ਸੱਦੇ ’ਤੇ ਚੌਂਕੀਮਾਨ ਟੌਲ ਪਲਾਜ਼ੇ ’ਤੇ ‘ਪੱਗੜੀ ਸੰਭਾਲ ਲਹਿਰ’ ਦੇ ਨਾਇਕ ਚਾਚਾ ਅਜੀਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ ਅਵਤਾਰ ਰਸੂਲਪੁਰ, ਸਤਨਾਮ ਸਿੰਘ, ਜਸਵੀਰ ਬੱਦੋਵਾਲ, ਚਰਨ ਸਰਾਭਾ, ਰਣਜੀਤ ਸਿੱਧਵਾਂ, ਅਜਮੇਰ ਤਲਵੰਡੀ, ਬਲਤੇਜ ਬਦੇਸ਼ਾ ਨੇ ਕੇਂਦਰ ਸਰਕਾਰ ਨੂੰ ਲਲਕਾਰਦਿਆਂ ਆਖਿਆ ਕਿ ਸਾਡੇ ਕੋਲ ਸਾਡੇ ਪੁਰਖਿਆਂ ਵੱਲੋਂ ਦਿੱਤਾ ਜੋਸ਼ ਅਤੇ ਜਜ਼ਬਾ ਹੈ ਅਸੀਂ ਆਪਣੇ ਹੱਕਾਂ ਲਈ ਲੜਨਾ ਆਪਣੀ ਬਹੁ-ਮੁੱਲੀ ਵਿਰਾਸਤ ਤੋਂ ਸਿਖਿਆ ਹੈ। ਹੱਕਾਂ ਦੀ ਰਾਖੀ ਕਰਨੀ ਅਤੇ ਬਣਦੇ ਹੱਕ ਲੈਣੇ ਸਾਨੂੰ ਬਾਖੂਬੀ ਆਉਂਦੇ ਹਨ। ਉਨ੍ਹਾਂ ਆਖਿਆ ਕਿ ਚਾਚਾ ਅਜੀਤ ਸਿੰਘ ਵੱਲੋਂ ਜ਼ਮੀਨਾਂ ਦੀ ਰਾਖੀ ਲਈ ਅਰੰਭਿਆ ਸਘੰਰਸ਼ ਅੰਗਰੇਜ਼ ਹਕੂਮਤ ਖ਼ਿਲਾਫ਼ 9 ਮਹੀਨੇ ਸੀਮਤ ਸਾਧਨਾਂ ’ਚ ਚੱਲਿਆ ਸੀ ਹੁਣ ਤਾਂ ਸਾਡੇ ਕੋਲ ਆਪਣੀ ਆਵਾਜ਼ ਦੁਨੀਆਂ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਲਈ ਬਹੁਤ ਸਾਧਨ ਹਨ। ਇਸੇ ਤਰ੍ਹਾਂ ਦੇਸ਼ ਦੀ ਆਜ਼ਾਦੀ ਦੇ ਯੋਧੇ ਚਾਚਾ ਅਜੀਤ ਸਿੰਘ ਦਾ 140ਵਾਂ ਜਨਮ ਦਿਹਾੜਾ ਰੇਲਵੇ ਪਾਰਕ ਸੰਘਰਸ਼ੀ ਪਿੜ੍ਹ ’ਚ ਮਨਾਇਆ ਗਿਆ। ਰੱਖੇ ਸਮਾਗਮ ਦੀ ਅਰੰਭਤਾ ਚਾਚਾ ਅਜੀਤ ਸਿੰਘ ਦੀ ਯਾਦ ’ਚ ਦੋ ਮਿੰਟ ਦਾ ਮੌਨ ਧਾਰਨ ਕਰਨ ਉਪਰੰਤ ਅਤੇ ਉਨ੍ਹਾਂ ਦੇ ਦਿਖਾਏ ਰਾਹ ’ਤੇ ਚੱਲਣ, ਅਧੂਰੇ ਕਾਰਜ ਪੂਰੇ ਕਰਨ ਦੇ ਪ੍ਰਣ ਲੈਣ ਨਾਲ ਕੀਤੀ ਗਈ। ਕਿਸਾਨ ਆਗੂ ਪਰਵਾਰ ਗਾਲਬਿ, ਮਹਿੰਦਰ ਕਮਾਲਪੁਰਾ, ਇੰਦਰਜੀਤ ਧਾਲੀਵਾਲ, ਕੰਵਲਜੀਤ ਖੰਨਾ, ਠਾਣਾ ਸਿੰਘ ਸੂਜਾਪੁਰ, ਜਗਤ ਸਿੰਘ ਲੀਲਾਂ ਨੇ ਚਾਚਾ ਜੀ ਦੀ ਤਸਵੀਰ ਤੇ ਫੁੱਲ ਮਲਾਵਾਂ ਭੇਟ ਕੀਤੀਆਂ।