ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 16 ਸਤੰਬਰ
ਇੱਥੇ ਵੱਖ-ਵੱਖ ਗੁਰਦੁਆਰਿਆਂ ਵਿੱਚ ਸੰਗਰਾਂਦ ਮੌਕੇ ਗੁਰਮਤਿ ਸਮਾਗਮ ਹੋਏ ਜਿਨ੍ਹਾਂ ਵਿੱਚ ਸੰਗਤ ਨੇ ਵਧ-ਚੜ੍ਹ ਕੇ ਸ਼ਮੂਲੀਅਤ ਕਰਦਿਆਂ ਨਾਮ ਬਾਣੀ ਦਾ ਲਾਹਾ ਲਿਆ। ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿੱਚ ਹੋਏ ਸਮਾਗਮ ਦੌਰਾਨ ਮੌਜੂਦਾ ਮੁਖੀ ਸੰਤ ਅਮੀਰ ਸਿੰਘ ਨੇ ਨਾਨਕਸ਼ਾਹੀ ਕੈਲੰਡਰ ਦੇ ਸੱਤਵੇਂ ਮਹੀਨੇ ਅੱਸੂ ਦੀ ਆਰੰਭਤਾ ਮੌਕੇ ਜੁੜੀ ਸੰਗਤ ਵਿੱਚ ਬਾਰਹਮਾਹਾ ਤੁਖਾਰੀ ਅਤੇ ਬਾਰਹਮਾਹਾ ਮਾਝ ਦੀਆਂ ਪਾਵਨ ਪੰਕਤੀਆਂ ਦੀ ਕਥਾ ਵਿਚਾਰ ਕੀਤੀ। ਉਨ੍ਹਾਂ ਰੁੱਤਾਂ ਦੇ ਸੰਕੇਤ ਨਾਲ ਸਮਝਾਇਆ ਕਿ ਗਰਮੀ ਤੋਂ ਬਾਅਦ ਸਰਦੀ ਆ ਰਹੀ ਹੈ। ਸਰਦੀ ਦੇ ਸਖ਼ਤ ਸੁਭਾਅ ਦੇ ਸੰਸਿਆਂ ਤੋਂ ਛੁਟਕਾਰਾ ਪਾਉਣ ਦਾ ਸਰਲ ਤਰੀਕਾ ਗੁਰਮਤਿ ਜੀਵਨ-ਢੰਗ ਸਮਝਣਾ ਤੇ ਅਪਣਾਉਣਾ ਹੈ। ਇਸ ਮੌਕੇ ਸੰਗੀਤ ਅਕੈਡਮੀ ਦੇ ਵਿਦਿਆਰਥੀਆਂ ਨੇ ਤੰਤੀ ਸਾਜ਼ਾਂ ਨਾਲ ਗੁਰਬਾਣੀ ਕੀਰਤਨ ਕੀਤਾ।
ਗੁਰਦੁਆਰਾ ਸ਼ਹੀਦਾਂ (ਫ਼ੇਰੂਮਾਨ) ਢੋਲੇਵਾਲ ਚੌਕ ਵਿੱਚ ਸੰਗਰਾਂਦ ਦਾ ਦਿਹਾੜਾ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਅੰਮ੍ਰਿਤ ਵੇਲੇ ਤੋਂ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਭਾਈ ਗੁਰਦੀਪ ਸਿੰਘ ਜੈਪੁਰ, ਭਾਈ ਹਰਪ੍ਰੀਤ ਸਿੰਘ ਖਾਲਸਾ, ਭਾਈ ਪਰਮਵੀਰ ਸਿੰਘ, ਭਾਈ ਸੁਖਜਿੰਦਰ ਸਿੰਘ ਅਤੇ ਭਾਈ ਕੁਲਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵੱਲੋਂ ਗੁਰਬਾਣੀ ਕੀਰਤਨ ਦੀ ਸੇਵਾ ਨਿਭਾਈ ਗਈ। ਮੁੱਖ ਕਥਾਵਾਚਕ ਭਾਈ ਮਨਪ੍ਰੀਤ ਸਿੰਘ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਮੁੱਖ ਸੇਵਾਦਾਰ ਐਡਵੋਕੇਟ ਬਲਵਿੰਦਰ ਸਿੰਘ ਲਾਇਲਪੁਰੀ ਨੇ ਰਾਗੀ ਜਥਿਆਂ ਨੂੰ ਸਨਮਾਨਿਤ ਕੀਤਾ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿੱਚ ਹੋਏ ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀਆਂ ਭਰ ਕੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਨੂੰ ਆਪਣਾ ਸਿਜਦਾ ਤੇ ਸਤਿਕਾਰ ਭੇਟ ਕੀਤਾ।
ਇਸ ਮੌਕੇ ਬੀਬੀਆਂ ਨੇ ਸੰਗਤੀ ਰੂਪ ਵਿੱਚ ਸ੍ਰੀ ਜਪੁਜੀ ਸਾਹਿਬ, ਚੌਪਈ ਸਾਹਿਬ ਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਜਦਕਿ ਕੀਰਤਨੀਏ ਭਾਈ ਹਰਵਿੰਦਰਪਾਲ ਸਿੰਘ ਲਿਟਲ ਵੀਰ ਜੀ ਨੇ ਕੀਰਤਨ ਕੀਤਾ। ਪ੍ਰਧਾਨ ਇੰਦਰਜੀਤ ਸਿੰਘ ਮੱਕੜ ਨੇ ਸੰਗਤ ਦਾ ਧੰਨਵਾਦ ਕਰਦਿਆਂ ਕੀਰਤਨੀ ਜਥਿਆਂ ਨੂੰ ਸਨਮਾਨਿਤ ਕੀਤਾ।