ਗੁਰਿੰਦਰ ਸਿੰਘ
ਲੁਧਿਆਣਾ, 10 ਸਤੰਬਰ
ਇਥੇ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਰਬ ਦੇਸ਼ਾਂ ਨਾਲ ਵਪਾਰ ਕਰਨ ਲਈ ਕੇਂਦਰ ਸਰਕਾਰ ਪਾਕਿਸਤਾਨ ਦਾ ਬਾਰਡਰ ਤੁਰੰਤ ਖੋਲ੍ਹੇ, ਜਿਸ ਨਾਲ ਚੜ੍ਹਦੇ ਪੰਜਾਬ ਤੋਂ ਫਲ, ਸਬਜ਼ੀਆਂ ਅਤੇ ਹੋਰ ਅਨਾਜ ਅਰਬ ਦੇਸ਼ਾਂ ਨੂੰ ਭੇਜਿਆ ਜਾ ਸਕੇ। ਅੱਜ ਇੱਥੇ ਯੂਨੀਅਨ ਦੀ ਮੀਟਿੰਗ ਉਪਰੰਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਨੇ ਦੱਸਿਆ ਕਿ ਬਾਰਡਰ ਖੁੱਲ੍ਹਣ ਨਾਲ ਭਾਰਤ ਦੇ ਹੋਰ ਰਾਜ਼ਾਂ ਦੇ ਨਾਲ-ਨਾਲ ਪੰਜਾਬ ਦੇ ਕਿਸਾਨਾਂ ਨੂੰ ਬਹੁਤ ਲਾਭ ਹੋਵੇਗਾ ਤੇ ਅਰਬ ਦੇਸ਼ਾਂ ਦੇ ਲੋਕਾਂ ਨੂੰ ਵੀ ਫਲ, ਸਬਜ਼ੀਆਂ ਤੇ ਹੋਰ ਅਨਾਜ ਸਸਤੇ ਰੇਟਾਂ ਵਿੱਚ ਮਿਲ ਸਕੇਗਾ।
ਮੀਟਿੰਗ ਵਿੱਚ ਯੂਨੀਅਨ ਦੇ ਅਹੁਦੇਦਾਰ, ਅਗਜੈਕਟਿਵ ਮੈਂਬਰ ਅਤੇ ਸਾਰੇ ਜ਼ਿਲ੍ਹਾ ਪ੍ਰਧਾਨ ਸ਼ਾਮਲ ਹੋਏ। ਮੀਟਿੰਗ ਵਿੱਚ ਕਿਸਾਨੀ ਮੁੱਦਿਆਂ ’ਤੇ ਵਿਚਾਰਾਂ ਕੀਤੀਆਂ ਗਈਆਂ। ਮੀਟਿੰਗ ਦੌਰਾਨ ਅਵਤਾਰ ਸਿੰਘ ਮੇਹਲੋਂ ਸੀਨੀਅਰ ਮੀਤ ਪ੍ਰਧਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਦਿੱਲੀ ਕਿਸਾਨ ਅੰਦੋਲਨ ਦੀ ਵਾਪਸੀ ਸਮੇਂ ਸੰਯੁਕਤ ਕਿਸਾਨ ਮੋਰਚੇ ਨਾਲ ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਤੁਰੰਤ ਪੂਰਾ ਕੀਤਾ ਜਾਵੇ ਅਤੇ ਐੱਮਐੱਸਪੀ ’ਤੇ ਜੋ ਕਮੇਟੀ ਬਣੀ ਹੈ ਉਸ ਨੂੰ ਭੰਗ ਕਰ ਕੇ ਮੋਰਚੇ ਦੇ ਅੱਧੇ ਮੈਂਬਰ ਲੈ ਕੇ ਕਮੇਟੀ ਬਣਾਈ ਜਾਵੇ। ਉਨ੍ਹਾਂ ਭਾਰਤ ਦੀਆਂ ਜੇਲਾਂ ਵਿੱਚ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਵੀ ਕੀਤੀ।
ਰਾਮਕਰਨ ਸਿੰਘ ਰਾਮਾ ਸੂਬਾ ਸਕੱਤਰ ਜਨਰਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਦੀਆਂ ਕਿਸਾਨ ਜਥੇਬੰਦੀਆਂ ਨਾਲ ਹੋਈਆਂ ਮੀਟਿੰਗਾਂ ਦੌਰਾਨ ਜੋ ਵਾਅਦੇ ਕੀਤੇ ਗਏ ਸਨ ਉਨ੍ਹਾਂ ਨੂੰ ਪੂਰਾ ਕੀਤਾ ਜਾਵੇ ਤੇ ਲੰਪੀ ਸਕਿਨ ਦੀ ਬਿਮਾਰੀ ਨਾਲ ਮਰੇ ਪਸ਼ੂ ਲਈ ਸਰਕਾਰ 1 ਲੱਖ ਰੁਪਏ ਤੇ ਬਿਮਾਰ ਪਸ਼ੂ ਲਈ 50000 ਰੁਪਏ ਦਾ ਮੁਆਵਜ਼ਾ ਤੁਰੰਤ ਜ਼ਾਰੀ ਕੀਤਾ ਜਾਵੇ। ਮੀਟਿੰਗ ਵਿੱਚ ਪਰਮਿੰਦਰ ਸਿੰਘ ਪਾਲਮਾਜਰਾ, ਹਰਮਿੰਦਰ ਸਿੰਘ ਖਹਿਰਾ, ਚਰਨ ਸਿੰਘ ਮੁੰਡੀਆਂ, ਪਰਸ਼ੋਤਮ ਸਿੰਘ ਗਿੱਲ, ਸਿਮਰਨਜੀਤ ਸਿੰਘ ਘੁਦੂਵਾਲਾ, ਰਣਜੀਤ ਸਿੰਘ ਰੁਟੇਡਾ, ਮਨਪ੍ਰੀਤ ਸਿੰਘ ਅਮਲਾਲਾ, ਮਨਵੀਰ ਕੌਰ ਰਾਹੀ, ਜਸਵੰਤ ਸਿੰਘ ਬੀਜਾ, ਨਛੱਤਰ ਸਿੰਘ ਵੈਦਵਾਨ, ਨਿਰਮਲ ਸਿੰਘ ਝੰਡੂਕੇ, ਪਰਮਜੀਤ ਸਿੰਘ ਮਾਣਕਪੁਰ ਅਤੇ ਮੋਹਨ ਸਿੰਘ ਜਾਮੀਆਂ ਆਦਿ ਵੀ ਹਾਜ਼ਰ ਸਨ।