ਗੁਰਿੰਦਰ ਸਿੰਘ
ਲੁਧਿਆਣਾ, 22 ਸਤੰਬਰ
ਦੂਜੀ ਪਾਤਸ਼ਾਹੀ ਗੁਰੂ ਅਗੰਦ ਦੇਵ ਜੀ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ ਸ਼ਰਧਾ ਅਤੇ ਸਤਿਕਾਰ ਸਹਿਤ ਕਰਵਾਏ ਗਏ,ਜਿਸ ਵਿੱਚ ਸੰਗਤ ਨੇ ਵੱਧ ਚੜ੍ਹ ਕੇ ਸ਼ਮੂਲੀਅਤ ਕਰਦਿਆਂ ਨਾਮ ਬਾਣੀ ਦਾ ਜਸ ਖੱਟਿਆ। ਇਸ ਮੌਕੇ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿੱੱਚ ਕਰਾਏ ਸਮਾਗਮ ਵਿੱਚ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਤੋਂ ਇਲਾਵਾ ਪੰਥ ਪ੍ਰਸਿੱਧ ਕੀਰਤਨੀਏ ਭਾਈ ਮਨਜੀਤ ਸਿੰਘ ਪਠਾਨਕੋਟ ਵਾਲਿਆਂ ਨੇ ਗੁਰਬਾਣੀ ਕੀਰਤਨ ਕੀਤਾ। ਸੁਸਾਇਟੀ ਦੇ ਮੁੱਖ ਸੇਵਾਦਾਰ ਭੁਪਿੰਦਰ ਸਿੰਘ ਨੇ ਸੰਗਤ ਨੂੰ ਗੁਰਤਾਗੱਦੀ ਦਿਵਸ ਦੀਆਂ ਵਧਾਈ ਦਿੱਤੀ ਅਤੇ ਗੁਰੂ ਸਾਹਿਬ ਦੇ ਦੱਸੇ ਉਪਦੇਸ਼ ’ਤੇ ਪਹਿਰਾ ਦੇਣ ਲਈ ਕਿਹਾ। ਉਨ੍ਹਾਂ ਕੀਰਤਨੀ ਜਥੇ ਨੂੰ ਸਿਰਪਾਓ ਭੇਟ ਕਰਕੇ ਸਨਮਾਨਿਤ ਵੀ ਕੀਤਾ। ਸਮਾਗਮ ਦੌਰਾਨ ਜਤਿੰਦਰਪਾਲ ਸਿੰਘ ਸਲੂਜਾ, ਕਰਨੈਲ ਸਿੰਘ ਬੇਦੀ, ਪ੍ਰਿਤਪਾਲਸਿੰਘ, ਮਨਜੀਤ ਸਿੰਘ ਟੋਨੀ, ਸੁਰਿੰਦਰਪਾਲ ਸਿੰਘ ਭੁਟੀਆਨੀ, ਬਲਜੀਤ ਸਿੰਘ ਦੂਆ ਵੀ ਹਾਜ਼ਰ ਸਨ। ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿੱਚ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਵੱਲੋਂ ਨਾਮ ਸਿਮਰਨ ਸਮਾਗਮ ਦੌਰਾਨ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਜੀਵਨ ਫਲਸਫ਼ੇ ਬਾਰੇ ਰੋਸ਼ਨੀ ਪਾਈ ਗਈ। ਉਨ੍ਹਾਂ ਦੱਸਿਆ ਕਿ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਭਾਸ਼ਾ ਨੂੰ ਦੂਜੀਆਂ ਭਾਸ਼ਾਵਾਂ ਨਾਲੋਂ ਮਿਆਰੀ ਜਾਣ ਕੇ ਉਸਦਾ ਪ੍ਰਚਾਰ ਕਰਦਿਆਂ ਸੰਗਤ ਨੂੰ ਗੁਰਮੁਖੀ ਪੜ੍ਹਾਉਣ ਦੀ ਸੇਵਾ ਬਾਬਾ ਬੁੱਢਾ ਜੀ ਨੂੰ ਸੌਪੀ। ਉਨ੍ਹਾਂ ਇਸ ਮਹਾਨ ਕਾਰਜ਼ ਲਈ ਪਾਠਸ਼ਾਲਾ ਵੀ ਖੋਲ੍ਹੀ। ਉਨ੍ਹਾਂ ਕਿਹਾ ਕਿ ਸਮਰੱਥ ਪ੍ਰਭੂ ਹੀ ਸਾਡਾ ਦੁੱਖ ਸੁੱਖ ਵਿਚ ਭਾਈਵਾਲ ਹੈ ਇਸ ਲਈ ਉਸ ਦੀ ਸੇਵਾ ਤੇ ਬੰਦਗੀ ਲਈ ਮਨੁੱਖ ਨੂੰ ਆਪਾ ਸਮਰਪਿਤ ਕਰ ਦੇਣਾ ਚਾਹੀਦਾ ਹੈ। ਸੰਗੀਤ ਅਕੈਡਮੀ ਦੇ ਵਿਦਿਆਰਥੀਆਂ ਨੇ ਤੰਤੀ ਸਾਜ਼ਾਂ ਨਾਲ ਗੁਰਬਾਣੀ ਕੀਰਤਨ ਕੀਤਾ।