ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 9 ਜੁਲਾਈ
ਸ਼ਹੀਦ ਭਾਈ ਮਨੀ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਵੱਖ ਵੱਖ ਗੁਰੂਘਰਾਂ ਵਿੱਚ ਹੋਏ ਜਿਨ੍ਹਾਂ ਵਿੱਚ ਭਾਰੀ ਗਿਣਤੀ ਵਿੱਚ ਪੁੱਜੀ ਸੰਗਤ ਨੇ ਗੁਰਬਾਣੀ ਕੀਰਤਨ ਸਰਵਣ ਕਰਕੇ ਨਾਮ ਬਾਣੀ ਦਾ ਲਾਹਾ ਖੱਟਿਆ।
ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿੱਖੇ ਹੋਏ ਨਾਮ ਸਿਮਰਨ ਅਭਿਆਸ ਸਮਾਗਮ ਦੌਰਾਨ ਸੰਤ ਬਾਬਾ ਅਮੀਰ ਸਿੰਘ ਨੇ ਮਹਾਨ ਵਿਦਵਾਨ, ਯੋਧੇ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਸੰਭਾਲ ਕਰਨ ਵਾਲੇ ਭਾਈ ਮਨੀ ਸਿੰਘ ਦੇ ਜੀਵਨ ਫਲਸਫ਼ੇ ਅਤੇ ਇਤਿਹਾਸਕ ਘਟਨਾਵਾਂ ਬਾਰੇ ਰੌਸ਼ਨੀ ਪਾਈ। ਉਨ੍ਹਾਂ ਸੰਗਤ ਨੂੰ ਨਾਮ ਬਾਣੀ ਨਾਲ ਜੁੜਕੇ ਗੁਰੂ ਵਾਲੇ ਬਣਨ ਦੀ ਅਪੀਲ ਕਰਦਿਆਂ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ।
ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿੱਖੇ ਹੋਏ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਜੱਥਿਆਂ ਤੋਂ ਇਲਾਵਾ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਗਗਨਦੀਪ ਸਿੰਘ ਬਟਾਲਾ ਹਜ਼ੂਰੀ ਰਾਗੀ ਦਰਬਾਰ ਸਾਹਿਬ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਰਾਹੀ ਨਿਹਾਲ ਕੀਤਾ। ਸੁਸਾਇਟੀ ਦੇ ਮੁੱਖ ਸੇਵਾਦਾਰ ਭੁਪਿੰਦਰ ਸਿੰਘ ਨੇ ਕੀਰਤਨੀ ਜੱਥਿਆਂ ਨੂੰ ਸਿਰਪਾਉ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਇੰਦਰਜੀਤ ਸਿੰਘ ਮੱਕੜ, ਜਤਿੰਦਰਪਾਲ ਸਿੰਘ ਸਲੂਜਾ, ਐਡਵੋਕੇਟ ਅਮਰਜੀਤ ਸਿੰਘ ਅਰੋੜਾ, ਸੁਰਿੰਦਰਪਾਲ ਸਿੰਘ ਭੁਟਿਆਨੀ ਅਤੇ ਮਨਜੀਤ ਸਿੰਘ ਟੋਨੀ ਵੀ ਹਾਜ਼ਰ ਸਨ।