ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 17 ਸਤੰਬਰ
ਸਥਾਨਕ ਅਨਾਜ ਮੰਡੀ ਵਿਚ ਝੋਨੇ ਦੀ ਅਗੇਤੀ ਕਿਸਮ ਬਾਸਮਤੀ 1509 ਦੀ ਆਮਦ ਸ਼ੁਰੂ ਹੋ ਚੁੱਕੀ ਹੈ ਅਤੇ ਅੱਜ ਪ੍ਰਾਈਵੇਟ ਸ਼ੈਲਰ ਮਾਲਕਾਂ ਵਲੋਂ ਇਸ ਦੀ ਖਰੀਦ ਕੀਤੀ ਜਾ ਰਹੀ ਹੈ। ਮਾਛੀਵਾੜਾ ਅਨਾਜ ਮੰਡੀ ਵਿੱਚ ਬਾਸਮਤੀ ਖਰੀਦ ਦੀ ਸ਼ੁਰੂਆਤ ਮਾਰਕੀਟ ਕਮੇਟੀ ਦੇ ਚੇਅਰਮੈਨ ਦਰਸ਼ਨ ਕੁੰਦਰਾ ਨੇ ਕਰਵਾਈ। ਮੰਡੀ ਵਿਚ ਆੜ੍ਹਤੀ ਸੁਰਿੰਦਰ ਬਾਂਸਲ ਦੀ ਦੁਕਾਨ ’ਤੇ ਕਿਸਾਨ ਬਿਹਾਰੀ ਲਾਲ ਆਪਣੀ ਬਾਸਮਤੀ ਫਸਲ ਵੇਚਣ ਲਈ ਆਇਆ, ਜਿਸ ਨੂੰ ਲਕਸ਼ਮੀ ਰਾਈਸ ਮਿੱਲਜ਼ ਵਲੋਂ 2850 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖਰੀਦਿਆ ਗਿਆ। ਚੇਅਰਮੈਨ ਦਰਸ਼ਨ ਕੁੰਦਰਾ ਨੇ ਦੱਸਿਆ ਕਿ ਬੇਸ਼ੱਕ ਝੋਨੇ ਦੀ ਸਰਕਾਰੀ ਖਰੀਦ ਸਰਕਾਰ ਵਲੋਂ 1 ਅਕਤੂਬਰ ਤੋਂ ਕਰਵਾਈ ਜਾ ਰਹੀ ਹੈ ਪਰ ਜੋ ਅਗੇਤੀ ਝੋਨੇ ਦੀਆਂ ਕਿਸਮਾਂ ਹਨ ਉਹ ਪ੍ਰਾਈਵੇਟ ਸ਼ੈਲਰ ਮਾਲਕਾਂ ਵਲੋਂ ਮੰਡੀ ’ਚੋਂ ਤੁਰੰਤ ਖਰੀਦੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਮਾਛੀਵਾੜਾ ਮੰਡੀ ਵਿਚ ਬਾਸਮਤੀ ਦਾ ਭਾਅ ਕਿਸਾਨਾਂ ਨੂੰ ਆਸ-ਪਾਸ ਦੀਆਂ ਮੰਡੀਆਂ ਨਾਲੋਂ ਵੱਧ ਮਿਲ ਰਿਹਾ ਹੈ, ਜਿਸ ਕਾਰਨ ਇਸ ਵਾਰ ਇਹ ਫਸਲ ਵੱਧ ਆਉਣ ਦੀ ਸੰਭਾਵਨਾ ਹੈ। ਬਾਸਮਤੀ ਦੀ ਕਾਸ਼ਤ ਕਰਨ ਵਾਲੇੇ ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਫਸਲ ਦਾ ਝਾੜ 25 ਤੋਂ 27 ਕੁਇੰਟਲ ਪ੍ਰਤੀ ਏਕੜ ਨਿਕਲਿਆ ਹੈ, ਜਿਸ ਕਾਰਨ ਉਨ੍ਹਾਂ ਨੂੰ ਕੁਝ ਆਰਥਿਕ ਲਾਭ ਮਿਲੇਗਾ। ਇਸ ਮੌਕੇ ਕਪਿਲ ਆਨੰਦ, ਵਿਕਰਮ ਲੂਥਰਾ, ਸੰਜੀਵ ਮਲਹੋਤਰਾ, ਨਿਤਿਨ ਜੈਨ, ਹੈਪੀ ਬਾਂਸਲ, ਰਾਜਵਿੰਦਰ ਸਿੰਘ ਸੈਣੀ, ਸੋਨੂੰ ਬਾਂਸਲ, ਵਿਨੀਤ ਜੈਨ, ਪਰਮਿੰਦਰ ਸਿੰਘ ਨੋਨਾ, ਜਗਜੀਤ ਮਹਿਰਾ, ਸੁਪਰਵਾਈਜ਼ਰ ਹਰਜੀਤ ਸਿੰਘ ਆਦਿ ਮੌਜੂਦ ਸਨ।