ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 4 ਮਾਰਚ
ਕਰੋੜਾਂ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਨਵ-ਨਿਰਮਾਣ ਲੱਖੋਵਾਲ ਅਨਾਜ ਮੰਡੀ ਵਿਚ ਵਰਤੇ ਜਾਣ ਵਾਲੇ ਮੈਟੀਰੀਅਲ ਦੀ ਗੁਣਵੱਤਾ ’ਤੇ ਉੱਠੇ ਸਵਾਲਾਂ ਸਬੰਧੀ ‘ਪੰਜਾਬੀ ਟ੍ਰਿਬਿਊਨ’ ਵਿਚ 4 ਮਾਰਚ ਨੂੰ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਸੀ। ਇਸ ਦਾ ਅਸਰ ਹੁੰਦਿਆਂ ਹੀ ਅੱਜ ਮਾਰਕੀਟ ਕਮੇਟੀ ਮਾਛੀਵਾੜਾ ਨੇ ਮੰਡੀ ਬੋਰਡ ਨੂੰ ਪੱਤਰ ਲਿਖਿਆ ਤੇ ਕਾਰਜਾਂ ਦਾ ਨਿਰੀਖਣ ਕਰਨ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਸੱਚਾ ਸੌਦਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਖੇੜਾ ਅਤੇ ਹੋਰ ਆੜ੍ਹਤੀਆਂ ਨੇ ਇਹ ਮੁੱਦਾ ਉਠਾਇਆ ਸੀ। ਮਾਰਕੀਟ ਕਮੇਟੀ ਚੇਅਰਮੈਨ ਦਰਸ਼ਨ ਕੁਮਾਰ ਕੁੰਦਰਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਅੱਜ ਲੱਖੋਵਾਲ ਮੰਡੀ ਦਾ ਦੌਰਾ ਕੀਤਾ ਗਿਆ ਅਤੇ ਦੇਖਿਆ ਕਿ ਕਈ ਥਾਵਾਂ ਤੋਂ ਮਿੱਟੀ ਤੇ ਇੱਟਾਂ ਰੁੜ੍ਹ ਗਈਆਂ ਹਨ, ਜਦਕਿ ਕਈ ਜਗ੍ਹਾ ਤੋਂ ਫੜ੍ਹ ਉੱਚਾ-ਨੀਵਾਂ ਹੋ ਗਿਆ। ਇਸ ਲਈ ਮੰਡੀ ਬੋਰਡ ਵਲੋਂ ਇਸ ਵਿਚ ਵਰਤੇ ਮੈਟੀਰੀਅਲ ਦੀ ਜਾਂਚ ਕਰਨੀ ਚਾਹੀਦੀ ਹੈ। ਚੇਅਰਮੈਨ ਕੁੰਦਰਾ ਨੇ ਕਿਹਾ ਕਿ ਇਸ ਸਬੰਧ ਮੰਡੀ ਬੋਰਡ ਨੂੰ ਪੱਤਰ ਵੀ ਲਿਖਿਆ ਹੈ।
ਨਾਜਾਇਜ਼ ਹੋਰਡਿੰਗ ਉਤਾਰੇ
ਖੰਨਾ (ਨਿੱਜੀ ਪੱਤਰ ਪ੍ਰੇਰਕ): ਨਗਰ ਕੌਂਸਲ ਵੱਲੋਂ ਨੈਸ਼ਨਲ ਹਾਈਵੇਅ ਨੇੜੇ ਲੱਗੇ ਨਾਜਾਇਜ਼ ਹੋਰਡਿੰਗਜ਼ ਅੱਜ ਉਤਾਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਇਸ ਸਬੰਧੀ 4 ਮਾਰਚ ਨੂੰ ‘ਪੰਜਾਬੀ ਟ੍ਰਿਬਿਊਨ’ ਵਿੱਚ ਖ਼ਬਰ ਲੱਗਣ ਉਪਰੰਤ ਕੌਂਸਲ ਦੇ ਕਾਰਜਸਾਧਕ ਅਫ਼ਸਰ ਚਰਨਜੀਤ ਸਿੰਘ ਦੇ ਆਦੇਸ਼ਾਂ ’ਤੇ ਅਮਰਜੀਤ ਸਿੰਘ ਤੇ ਤੈਅ ਬਜ਼ਾਰੀ ਟੀਮ ਦੇ ਇੰਚਾਰਜ ਕੁਲਵਿੰਦਰ ਸਿੰਘ ਨੇ ਟੀਮ ਨੇ ਇਨ੍ਹਾਂ ਹੋਰਡਿੰਗਜ਼ ਨੂੰ ਉਤਾਰਿਆ। ਇਹ ਹੋਰਡਿੰਗ ਕਈ ਵਾਰ ਸੜਕ ਹਾਦਸਿਆਂ ਦਾ ਕਾਰਨ ਬਣਦੇ ਹਨ। ਇਸ ਮੌਕੇ ਲੋਕ ਸੇਵਾ ਕਲੱਬ ਦੇ ਪ੍ਰਧਾਨ ਪੀਡੀ ਬਾਂਸਲ ਨੇ ਕੌਂਸਲ ਕਾਰਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪ੍ਰਸਾਸ਼ਨ ਨੂੰ ਚਾਹੀਦਾ ਹੈ ਕਿ ਨਜਾਇਜ਼ ਹੋਰਡਿੰਗਜ਼ ਵਾਲਿਆਂ ’ਤੇ ਜੁਰਮਾਨਾ ਲਾਇਆ ਜਾਵੇ। ਈਓ ਚਰਨਜੀਤ ਸਿੰਘ ਨੇ ਕਿਹਾ ਕਿ ਸ਼ਹਿਰ ਵਿਚ ਕਿਤੇ ਵੀ ਨਾਜਾਇਜ਼ ਹੋਰਡਿੰਗ ਨਹੀਂ ਲਾਉਣ ਦਿੱਤੇ ਜਾਣਗੇ। ਅਜਿਹਾ ਕਰਨ ਵਾਲਿਆਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।