ਜੋਗਿੰਦਰ ਸਿੰਘ ਓਬਰਾਏ
ਖੰਨਾ, 1 ਦਸੰਬਰ
ਇਥੋਂ ਦੇ ਅਮਲੋਹ ਰੋਡ ’ਤੇ ਓਵਰ ਸਪੀਡ ਵਾਹਨਾਂ ਤੋਂ ਪ੍ਰੇਸ਼ਾਨ ਦੁਕਾਨਦਾਰਾਂ ਨੇ ਇੱਕਠੇ ਹੋ ਕੇ ਅਮਲੋਹ ਰੋਡ ਉਪਰ ਜਾਮ ਲਾਇਆ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਜ਼ਿਕਰਯੋਗ ਹੈ ਕਿ ਦੁਕਾਨਦਾਰਾਂ ਵੱਲੋਂ ਕੁਝ ਦਿਨ ਪਹਿਲਾ ਤੇਜ਼ ਗਤੀ ਰਫ਼ਤਾਰ ਵਾਹਨਾਂ ਨੂੰ ਚਿਤਾਵਨੀ ਦਿੱਤੀ ਗਈ ਸੀ ਕਿ ਉਹ ਖੰਨਾ ਹੱਦ ਅੰਦਰ ਆ ਕੇ ਆਪਣੇ ਵਾਹਨਾਂ ਦੀ ਰਫ਼ਤਾਰ ਹੌਲੀ ਰੱਖਣ, ਪ੍ਰਤੂੰ ਕਿਸੇ ਨੇ ਦੁਕਾਨਦਾਰਾਂ ਦੀ ਨਹੀਂ ਸੁਣੀ। ਪੁਲੀਸ ਪ੍ਰਸ਼ਾਸਨ ਵੱਲੋਂ ਵੀ ਇਸ ਪਾਸੇ ਧਿਆਨ ਨਹੀਂ ਦਿੱਤਾ ਗਿਆ, ਜਿਸ ਦੇ ਰੋਸ ਵਜੋਂ ਅੱਜ ਦੁਕਾਨਦਾਰ ਸੜਕਾਂ ’ਤੇ ਉਤਰ ਗਏ। ਇਸ ਮੌਕੇ ਭਾਜਪਾ ਆਗੂ ਅਨੁਜ ਛਾਹੜੀਆ ਅਤੇ ਗੁਰਦੀਪ ਸਿੰਘ ਨੇ ਪੁਲੀਸ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਇਸ ਸੜਕ ’ਤੇ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀ ਆਉਂਦੇ ਜਾਂਦੇ ਹਨ ਜਿਸ ਕਾਰਨ ਹਰ ਸਮੇਂ ਕਿਸੇ ਭਿਆਨਕ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ।
ਇਸ ਦੌਰਾਨ ਥਾਣਾ ਸਿਟੀ-2 ਦੇ ਮੁਖੀ ਅਕਾਸ਼ ਦੱਤ ਨੇ ਮੌਕੇ ’ਤੇ ਪੁੱਜੇ ਦੁਕਾਨਦਾਰਾਂ ਨੂੰ ਭਰੋਸੇ ਵਿਚ ਲੈ ਕੇ ਧਰਨਾ ਖ਼ਤਮ ਕਰਵਾਇਆ। ਉਨ੍ਹਾਂ ਕਿਹਾ ਕਿ ਸੜਕ ਦੇ ਦੋਵੇਂ ਪਾਸੇ ਬੈਰੀਕੇਡਿੰਗ ਨਾਲ ਨਾਕਾਬੰਦੀ ਕੀਤੀ ਜਾਵੇਗੀ ਅਤੇ ਤੇਜ਼ ਵਾਹਨਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਰਿਸ਼ੀਦੇਵ ਢੰਡ, ਜਤਿੰਦਰ ਵਧਵਾ, ਏਕਮ, ਤੇਜਿੰਦਰ ਤੇਜ਼ੀ, ਨਰਿੰਦਰ ਕੁਮਾਰ, ਜੋਤੀ ਨਾਰੰਗ, ਸੁਰਜੀਤ ਧੀਰ ਆਦਿ ਹਾਜ਼ਰ ਸਨ।