ਗਗਨਦੀਪ ਅਰੋੜਾ
ਲੁਧਿਆਣਾ, 6 ਫਰਵਰੀ
ਸਨਅਤੀ ਸ਼ਹਿਰ ਵਿੱਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵਿਧਾਨ ਸਭਾ ਚੋਣਾਂ 2022 ਲਈ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤਾ। ਫ਼ਿਰੋਜ਼ਪੁਰ ਰੋਡ ’ਤੇ ਜਿਵੇਂ ਹੀ ਇਹ ਐਲਾਨ ਰੈਲੀ ਖ਼ਤਮ ਹੋਈ ਤਾਂ ਚਰਨਜੀਤ ਸਿੰਘ ਚੰਨੀ ਨੇ ਉਸੇ ਵੇਲੇ ਹੀ ਬਿਨਾਂ ਸਮਾਂ ਬਰਬਾਦ ਕਰਦੇ ਹੋਏ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ। ਚੰਨੀ ਨੇ ਲੁਧਿਆਣਾ ਜ਼ਿਲ੍ਹੇ ਦੇ ਪੇਂਡੂ ਹਲਕੇ ਰਾਏਕੋਟ ਤੇ ਦਾਖਾ ਵਿੱਚ ਚੋਣ ਪ੍ਰਚਾਰ ਕਰਨ ਤੋਂ ਬਾਅਦ ਉਨ੍ਹਾਂ ਨੇ ਲੁਧਿਆਣਾ ਸ਼ਹਿਰੀ ਹਲਕਿਆਂ ਵਿੱਚ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਭ ਤੋਂ ਪਹਿਲਾਂ ਹਲਕਾ ਆਤਮ ਨਗਰ ਵਿੱਚ ਕਾਂਗਰਸੀ ਉਮੀਦਵਾਰ ਦਾ ਚੋਣ ਪ੍ਰਚਾਰ ਕਰਨ ਦੇ ਲਈ ਹਰਕ੍ਰਿਸ਼ਨ ਸਕੂਲ ਨੇੜੇ ਪੁੱਜੇ, ਜਿੱਥੇ ਉਨ੍ਹਾਂ ਨੇ ਛੋਟੀ ਰੈਲੀ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਕਾਂਗਰਸ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਦੌਰਾਨ ਰਸਤੇ ਵਿੱਚ ਵੀ ਕਈ ਥਾਵਾਂ ’ਤੇ ਫੁੱਲਾਂ ਦੇ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਗਿਆ।
ਇਸ ਤੋਂ ਬਾਅਦ ਮੁੱਖ ਮੰਤਰੀ ਚੰਨੀ ਹਲਕਾ ਦੱਖਣੀ ਵਿੱਚ ਕਾਂਗਰਸੀ ਉਮੀਦਵਾਰ ਈਸ਼ਵਰਜੋਤ ਸਿੰਘ ਚੀਮਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਪੁੱਜੇ। ਬਾਅਦ ਵਿੱਚ ਉਹ ਮੱਥਾ ਟੇਕਣ ਦੇ ਲਈ ਹਲਕਾ ਉੱਤਰੀ ਪੁੱਜੇ। ਜਿੱਥੇ ਉਨ੍ਹਾਂ ਨੇ ਬਸਤੀ ਜੋਧੇਵਾਲ ਸਥਿਤ ਗੁਰੂ ਰਵਿਦਾਸ ਮੰਦਿਰ ਮੱਥਾ ਟੇਕਿਆ। ਇਸ ਦੌਰਾਨ ਰਸਤੇ ਵਿੱਚ ਵੀ ਉਹ ਕਈ ਥਾਵਾਂ ’ਤੇ ਰੁੱਕੇ ਤੇ ਆਸ਼ੀਰਵਾਦ ਲਿਆ। ਇਸ ਦੌਰਾਨ ਮੁੱਖ ਮੰਤਰੀ ਚੰਨੀ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਜਿਵੇਂ ਪਹਿਲਾਂ ਉਨ੍ਹਾਂ ਨੇ 111 ਦਿਨਾਂ ਵਿੱਚ ਇਤਿਹਾਸਕ ਫ਼ੈਸਲੇ ਲਏ ਹਨ, ਉਸੇ ਤਰ੍ਹਾਂ ਉਹ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਪੰਜਾਬ ਦੀ ਬਿਹਤਰੀ ਲਈ ਮਿਲਜੁੱਲ ਕੇ ਕੰਮ ਕਰਨਗੇ।
ਮੁੱਖ ਮੰਤਰੀ ਚਿਹਰਾ ਐਲਾਣੇ ਜਾਣ ਤੋਂ ਬਾਅਦ ਜਿਵੇਂ ਹੀ ਚਰਨਜੀਤ ਸਿੰਘ ਚੰਨੀ ਰਾਏਕੋਟ ਤੋਂ ਲੁਧਿਆਣਾ ਦਾਖਲ ਹੋਏ ਤਾਂ ਰਸਤੇ ਵਿੱਚ ਕਈ ਥਾਵਾਂ ’ਤੇ ਉਨ੍ਹਾਂ ਦਾ ਕਾਂਗਰਸੀ ਵਰਕਰਾਂ ਵੱਲੋਂ ਸਵਾਗਤ ਕੀਤਾ ਗਿਆ। ਹਲਕਾ ਪੱਛਮੀ, ਹਲਕਾ ਆਤਮ ਨਗਰ, ਹਲਕਾ ਦੱਖਣੀ ਤੇ ਹਲਕਾ ਉਤਰੀ ਵਿੱਚ ਕਾਂਗਰਸੀ ਵਰਕਰਾਂ ਨੇ ਕਈ ਥਾਵਾਂ ’ਤੇ ਉਨ੍ਹਾਂ ਦੇ ਸਵਾਗਤ ਲਈ ਇੰਤਜਾਮ ਕੀਤੇ ਤੇ ਫੁੱਲਾਂ ਦੀ ਵਰਖਾ ਕਰ ਕੇ ਉਨ੍ਹਾਂ ਦਾ ਸਵਾਗਤ ਕੀਤਾ।
ਮੁੱਲਾਂਪੁਰ ਦਾਖਾ (ਸੰਤੋਖ ਗਿੱਲ): ਮੁੱਲਾਂਪੁਰ ਦੇ ਹਰਸ਼ੀਲਾ ਪੈਲੇਸ ਵਿਚ ਰਾਹੁਲ ਗਾਂਧੀ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਬਾਅਦ ਪਹਿਲੀ ਵਾਰ ਮੁੱਲਾਂਪੁਰ ਸ਼ਹਿਰ ਵਿਚ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਦੇ ਹੱਕ ਵਿਚ ਚਰਨਜੀਤ ਸਿੰਘ ਚੰਨੀ ਨੇ ਰੋਡ ਸ਼ੋਅ ਕੀਤਾ ਤੇ ਲੋਕਾਂ ਤੋਂ ਸਹਿਯੋਗ ਮੰਗਿਆ। ਮੁੱਖ ਮੰਤਰੀ ਦੇ ਚਿਹਰੇ ਵਜੋਂ ਚਰਨਜੀਤ ਸਿੰਘ ਦੇ ਨਾਂ ਦਾ ਐਲਾਨ ਹੋਣ ਬਾਅਦ ਸ਼ਹਿਰ ਵਿਚ ਲੋਕਾਂ ਨੇ ਸੜਕ ਉੱਪਰ ਰੱਜ ਕੇ ਖ਼ੁਸ਼ੀ ਮਨਾਈ।
ਚਰਨਜੀਤ ਸਿੰਘ ਚੰਨੀ ਸ਼ਹਿਰ ਵਿਚੋਂ ਕਾਫ਼ਲੇ ਦੇ ਰੂਪ ਵਿਚ ਲੰਘੇ ਤਾਂ ਕਾਂਗਰਸੀ ਵਰਕਰਾਂ ਨੇ ਉਨ੍ਹਾਂ ਉੱਪਰ ਫੁੱਲਾਂ ਦੀ ਵਰਖਾ ਕੀਤੀ ਤੇ ਨਾਅਰਿਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਉਮੀਦਵਾਰ ਸੰਦੀਪ ਸੰਧੂ ਤੋਂ ਇਲਾਵਾ ਕਈ ਹੋਰ ਸਿਰਕੱਢ ਕਾਂਗਰਸੀ ਆਗੂ ਵੀ ਇਸ ਰੋਡ ਸ਼ੋਅ ਵਿਚ ਸ਼ਾਮਲ ਹੋਏ।
ਰਾਏਕੋਟ (ਪੱਤਰ ਪ੍ਰੇਰਕ): ਕਾਂਗਰਸ ਵੱਲੋਂ ਮੁੱਖ ਮੰਤਰੀ ਦੇ ਚਿਹਰੇ ਵਜੋਂ ਐਲਾਨੇ ਚਰਨਜੀਤ ਸਿੰਘ ਚੰਨੀ ਨੇ ਰਾਏਕੋਟ ਦੀ ਦਾਣਾ ਮੰਡੀ ਵਿਚ ਕਾਂਗਰਸੀ ਉਮੀਦਵਾਰ ਕਾਮਿਲ ਅਮਰ ਸਿੰਘ ਦੇ ਹੱਕ ’ਚ ਪਹਿਲੀ ਚੋਣ ਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਲੋਕ ਕਾਂਗਰਸ ਦਾ ਸਾਥ ਦੇਣ ਕਾਮਿਲ ਅਮਰ ਸਿੰਘ ਰਲਕਾ ਰਾਏਕੋਟ ਦਾ ਵਿਕਾਸ ਕਰਨਗੇ।
ਸ੍ਰੀ ਚੰਨੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਮੌਕਾ ਪੰਜਾਬ ਨੂੰ ਅੱਗੇ ਲੈ ਕੇ ਆਉਣ ਲਈ ਮਿਲਿਆ ਹੈ। ਇਹ ਜ਼ਿੰਮੇਵਾਰੀ ਉਹ ਨੇਕ ਨੀਤੀ ਤੇ ਇਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਨੂੰ ਆਪਣਾ ਵੱਡਾ ਭਰਾ ਆਖਿਆਂ ਐਲਾਨ ਕੀਤਾ ਕਿ ਸੂਬੇ ’ਚ ਮੁੜ ਕਾਂਗਰਸ ਸਰਕਾਰ ਬਣਨ ’ਤੇ ਇਨ੍ਹਾਂ ਦੀ ਕਾਬਲੀਅਤ ਦਾ ਵੱਡਾ ਮੁੱਲ ਪਾਇਆ ਜਾਵੇਗਾ।
ਵੱਖ ਵੱਖ ਥਾਈਂ ਵਰਕਰਾਂ ਨੇ ਪਟਾਕੇ ਚਲਾਏ ਤੇ ਲੱਡੂ ਵੰਡੇ
ਪਾਇਲ (ਦੇਵਿੰਦਰ ਸਿੰਘ ਜੱਗੀ): ਇੱਥੇ ਦਾਣਾ ਮੰਡੀ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਐਲਾਨਣ ਦੀ ਖ਼ੁਸ਼ੀ ਵਿੱਚ ਵਿਧਾਇਕ ਲਖਵੀਰ ਸਿੰਘ ਲੱਖਾ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੇ ਵਰਕਰਾਂ ਵੱਲੋਂ ਲੱਡੂ ਵੰਡੇ ਅਤੇ ਪਟਾਕੇ ਚਲਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਵਿਧਾਇਕ ਲੱਖਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਆਗੂ ਰਾਹੁਲ ਗਾਂਧੀ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚੇਹਰਾ ਐਲਾਨ ਕੇ ਗ਼ਰੀਬ ਪਰਿਵਾਰ ਨੂੰ ਵੱਡਾ ਮਾਣ ਦਿੱਤਾ ਹੈ। ਇਸ ਕਰ ਕੇ ਅਗਲੀ ਸਰਕਾਰ ਕਾਂਗਰਸ ਪਾਰਟੀ ਦੀ ਹੋਵੇਗੀ। ਇਸ ਮੌਕੇ ਕਾਂਗਰਸ ਪਾਰਟੀ ਦੇ ਵਰਕਰਾਂ ਵੱਲੋਂ ਲੱਖਾ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਕਾਂਗਰਸ ਪਾਰਟੀ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ।
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਰਾਹੁਲ ਗਾਂਧੀ ਨੇ ਵਰਚੁਅਲ ਰੈਲੀ ਰਾਹੀਂ ਜਿਵੇਂ ਹੀ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਐਲਾਨਿਆ ਤਾਂ ਇੱਥੇ ਲਾਈਵ ਸੁਣ ਰਹੇ ਕਾਂਗਰਸੀ ਵਰਕਰਾਂ ਨੇ ਤਾੜੀਆਂ ਤੇ ਨਾਅਰਿਆਂ ਦੀ ਗੂੰਜ ’ਚ ਫ਼ੈਸਲੇ ਦਾ ਸਵਾਗਤ ਕੀਤਾ। ਐਲਾਨ ਹੋਣ ਸਾਰ ਢੋਲਣ ਵੱਜਣ ਲੱਗੇ ਅਤੇ ਜੋਸ਼ ’ਚ ਆਏ ਕੁਝ ਵਰਕਰ ਭੰਗੜਾ ਪਾਉਣ ਲੱਗੇ। ਕਾਂਗਰਸੀ ਵਰਕਰਾਂ ਨੇ ਪਾਰਟੀ ਉਮੀਦਵਾਰ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਨੂੰ ਘੇਰ ਲਿਆ ਅਤੇ ਲੱਡੂਆਂ ਨਾਲ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਨੂੰ ਵਧਾਈ ਦਿੱਤੀ।
ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਰਾਹੁਲ ਗਾਂਧੀ ਦੀ ਵਰਚੁਅਲ ਰੈਲੀ ਸਬੰਧੀ ਮਾਛੀਵਾੜਾ ਵਿਚ ਕਾਂਗਰਸੀ ਵਰਕਰਾਂ ਦਾ ਵੱਡਾ ਇਕੱਠ ਰੱਖਿਆ ਗਿਆ। ਇਸ ਵਿਚ ਜਿਉਂ ਹੀ ਫ਼ੈਸਲਾ ਕੀਤਾ ਗਿਆ ਕਿ ਕਾਂਗਰਸ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਚਰਨਜੀਤ ਸਿੰਘ ਚੰਨੀ ਹੋਵੇਗਾ ਤਾਂ ਲੋਕਾਂ ਵਿਚ ਜੋਸ਼ ਦੇਖਣ ਨੂੰ ਮਿਲਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਹਲਕਾ ਸਮਰਾਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਕਿਹਾ ਕਿ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਪੰਜਾਬ ਦੇ ਲੋਕਾਂ, ਕਾਂਗਰਸੀ ਵਰਕਰਾਂ ਤੇ ਸਾਰੇ ਉਮੀਦਵਾਰਾਂ ਤੋਂ ਰਾਇ ਲਈ ਕਿ ਮੁੱਖ ਮੰਤਰੀ ਦੇ ਯੋਗ ਕਿਹੜਾ ਚਿਹਰਾ ਹੈ ਜਿਸ ’ਤੇ ਸਾਰਿਆਂ ਨੇ ਹੀ ਚਰਨਜੀਤ ਸਿੰਘ ਚੰਨੀ ਦੇ ਨਾਮ ’ਤੇ ਮੋਹਰ ਲਗਾਈ। ਅੱਜ ਪਾਰਟੀ ਹਾਈਕਮਾਂਡ ਦੇ ਫੈਸਲੇ ਤੋਂ ਬਾਅਦ ਕਾਂਗਰਸੀ ਵਰਕਰਾਂ ਨੇ ਖੁਸ਼ੀ ਵਿਚ ਪਟਾਕੇ ਚਲਾਏ ਅਤੇ ਲੱਡੂ ਵੰਡੇ।
ਨਾਨਕਸਰ ਠਾਠ ਵਿਚ ਨਤਮਸਤਕ ਹੋਏ ਚੰਨੀ
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਰਾਹੁਲ ਗਾਂਧੀ ਵੱਲੋਂ ਅੱਜ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਪਹਿਲੀ ਵਾਰ ਇੱਥੇ ਨਾਨਕਸਰ ਸੰਪਰਦਾਇ ਦੀ ਮੁੱਖ ਠਾਠ ਨਾਨਕਸਰ ਕਲੇਰਾਂ ਵਿਖੇ ਨਤਮਸਤਕ ਹੋਏ। ਉਹ ਦੇਰ ਸ਼ਾਮ ਸਮੇਂ ਸਭ ਤੋਂ ਪਹਿਲਾਂ ਮੁੱਖ ਦਰਬਾਰ ਸਾਹਿਬ ਵਿਚ ਪਹੁੰਚੇ ਅਤੇ ਮੱਥਾ ਟੇਕਣ ਉਪਰੰਤ ਅਰਦਾਸ ਕੀਤੀ। ਮੁੱਖ ਮੰਤਰੀ ਨੇ ਕੀਰਤਨ ਵੀ ਸੁਣਿਆ। ਇਸ ਮਗਰੋਂ ਉਨ੍ਹਾਂ ਨਾਨਕਸਰ ਸੰਪਰਦਾਇ ਦੇ ਸੰਤਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਤੋਂ ਆਸ਼ੀਰਵਾਦ ਲਿਆ। ਬਾਬਾ ਗੁਰਜੀਤ ਸਿੰਘ ਨਾਨਕਸਰ, ਬਾਬਾ ਲੱਖਾ ਸਿੰਘ ਨਾਨਕਸਰ ਅਤੇ ਬਾਬਾ ਅਰਵਿੰਦਰ ਸਿੰਘ ਨੇ ਉਨ੍ਹਾਂ ਦਾ ਸਿਰੋਪਾ ਦੇ ਕੇ ਸਨਮਾਨ ਕੀਤਾ।