ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 21 ਅਪਰੈਲ
ਨਸ਼ਾ ਤਸਕਰੀ ਦੇ ਖਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਡਵੀਜ਼ਨ ਨੰਬਰ 2 ਦੀ ਪੁਲੀਸ ਨੇ ਸੈਂਹਸੀ ਮੁੱਹਲਾ ’ਚ ਅਚਨਚੇਤ ਚੈਕਿੰਗ ਕੀਤੀ। ਇਸ ਚੈਕਿੰਗ ਦੌਰਾਨ ਪੁਲੀਸ ਨੇ ਕਈ ਘਰਾਂ ਦੀ ਤਲਾਸ਼ੀ ਲਈ।
ਇਸ ਦੌਰਾਨ ਪੁਲੀਸ ਨੇ ਜਿਸ ’ਤੇ ਸ਼ੱਕ ਹੋਇਆ, ਉਸਨੂੰ ਕਾਬੂ ਕਰ ਲਿਆ ਤੇ ਉਸ ਦੇ ਕਬਜ਼ੇ ’ਚੋਂ 60 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਪੁਲੀਸ ਨੇ ਇਸ ਮਾਮਲੇ ’ਚ ਗੁਰਪਾਲ ਸਿੰਘ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਮੁਲਜ਼ਮ ਗੁਰਪਾਲ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।ਥਾਣਾ ਡਵੀਜ਼ਨ ਨੰਬਰ-2 ਦੇ ਐੱਸਐੱਚਓ ਸਬ-ਇੰਸਪੈਕਟਰ ਆਕਾਸ਼ ਦੱਤ ਨੇ ਦੱਸਿਆ ਕਿ ਸੈਂਹਸੀ ਮੁਹੱਲਾ ਤੋਂ ਉਨ੍ਹਾਂ ਕੋਲ ਕਈ ਸ਼ਿਕਾਇਤਾਂ ਆਈਆਂ ਸਨ ਇਲਾਕੇ ਦੇ ਕਈ ਲੋਕ ਨਸ਼ੀਲਾ ਪਦਾਰਥ ਸਪਲਾਈ ਕਰਨ ਦਾ ਨਾਜਾਇਜ਼ ਧੰਦਾ ਕਰਦੇ ਹਨ। ਬੁੱਧਵਾਰ ਦੀ ਦੇਰ ਰਾਤ ਨੂੰ ਇਲਾਕੇ ’ਚ ਸਰਚ ਮੁਹਿੰਮ ਚਲਾਉਣ ਦੀ ਯੋਜਨਾ ਤਿਆਰ ਕੀਤੀ ਗਈ। ਜਿਸ ਬਾਰੇ ’ਚ ਕਿਸੇ ਨੂੰ ਕੁਝ ਨਹੀਂ ਦੱਸਿਆ ਗਿਆ। ਪੁਲੀਸ ਨੇ ਦੇਰ ਰਾਤ ਨੂੰ ਇਕਦਮ ਨਾਲ ਪੂਰੇ ਇਲਾਕੇ ਨੂੰ ਘੇਰਾ ਪਾਇਆ ਤੇ ਅਚਨਚੇਤ ਚੈਕਿੰਗ ਕੀਤੀ।
ਸਬ ਇੰਸਪੈਕਟਰ ਆਕਾਸ਼ ਦੱਤ ਨੇ ਕਿਹਾ ਕਿ ਇਹ ਕਾਰਵਾਈ ਅੱਗੇ ਵੀ ਜਾਰੀ ਰਹੇਗੀ। ਦੱਸ ਦਈਏ ਕਿ ਸੈਂਹਸੀ ਮੁਹੱਲਾ ’ਚ ਨਸ਼ੇ ਦੇ ਧੰਦੇ ਨੂੰ ਰੋਕਣ ਲਈ ਮੁਹੱਲੇ ਦੇ ਲੋਕਾਂ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਵੱਖ-ਵੱਖ ਮਾਮਲਿਆਂ ’ਚ ਹੈਰੋਇਨ ਸਮੇਤ ਛੇ ਗ੍ਰਿਫ਼ਤਾਰ
ਲੁਧਿਆਣਾ(ਨਿੱਜੀ ਪੱਤਰ ਪ੍ਰੇਰਕ): ਇਥੇ ਵੱਖ-ਵੱਖ ਥਾਣਿਆਂ ਦੀ ਪੁਲੀਸ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ਤਹਿਤ ਛੇ ਜਣਿਆਂ ਨੂੰ ਕਾਬੂ ਕਰ ਕੇ ਲੱਖਾਂ ਰੁਪਏ ਦੇ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਗਈ ਹੈ। ਐਂਟੀ ਨਾਰਕੋਟਿਕ ਸੈੱਲ ਦੇ ਏਐੱਸਆਈ ਅਮਰੀਕ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਅਗਵਾਈ ਹੇਠ ਪੁਲੀਸ ਪਾਰਟੀ ਪਿੰਡ ਫੁੱਲਾਂਵਾਲ ਸਥਿਤ ਰਾਏਕੋਟ ਕਾਰ ਬਾਜ਼ਾਰ ਕੋਲ ਮੌਜੂਦ ਸੀ ਤਾਂ ਸਾਹਮਣੇ ਤੋਂ ਜਗਜੀਤ ਸਿੰਘ ਵਾਸੀ ਵਡੇਰਾ ਕਾਲੋਨੀ ਬਸੰਤ ਐਵੀਨਿਊ ਪੈਦਲ ਆ ਰਿਹਾ ਸੀ। ਉਹ ਪੁਲੀਸ ਪਾਰਟੀ ਨੂੰ ਵੇਖਕੇ ਪਿੱਛੇ ਮੁੜਨ ਲੱਗਾ ਤਾਂ ਉਸਨੂੰ ਕਾਬੂ ਕਰ ਕੇ ਸ਼ੱਕ ਦੇ ਅਧਾਰ ’ਤੇ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 15 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸੇ ਤਰ੍ਹਾਂ ਥਾਣਾ ਲਾਡੋਵਾਲ ਦੀ ਪੁਲੀਸ ਨੇ ਪਿੰਡ ਤਲਵੰਡੀ ਕਲਾਂ ਨੇੜੇ ਲਗਾਏ ਨਾਕੇ ਦੌਰਾਨ ਮੰਗਾ ਰਾਮ ਵਾਸੀ ਤਲਵੰਡੀ ਕਲਾਂ ਨੂੰ ਕਾਬੂ ਕਰ ਕੇ ਉਸ ਕੋਲੋਂ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਕ ਹੋਰ ਮਾਮਲੇ ਵਿੱਚ ਸੀਆਈਏ ਦੇ ਥਾਣੇਦਾਰ ਰਣਜੀਤ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਨੇ ਗਲੀ ਨੰਬਰ 10 ਨਿਊ ਸੁਭਾਸ਼ ਨਗਰ ਵਿੱਚ ਛਾਪਾ ਮਾਰ ਕੇ ਕਨੋਈਆ ਵਾਸੀ ਨਿਊ ਮਾਧੋਪੁਰੀ, ਰਾਹੁਲ ਕੁਮਾਰ ਵਾਸੀ ਨਿਊ ਸੁਭਾਸ਼ ਨਗਰ ਅਤੇ ਰੋਹਿਤ ਮਲਹੋਤਰਾ ਵਾਸੀ ਨਿਊ ਮਾਧੋਪੁਰੀ ਨੂੰ ਕਾਬੂ ਕਰਕੇ 15 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਕ ਹੋਰ ਮਾਮਲੇ ਵਿੱਚ ਥਾਣਾ ਕੂਮਕਲਾਂ ਦੇ ਥਾਣੇਦਾਰ ਜਸਵਿੰਦਰ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਨੇ ਰਤਨਗੜ੍ਹ ਨੇੜੇ ਲਗਾਏ ਨਾਕੇ ਦੌਰਾਨ ਹਰਪਾਲ ਸਿੰਘ ਵਾਸੀ ਪਿੰਡ ਚੌਂਤਾ ਨੂੰ ਕਾਬੂ ਕਰ ਕੇ 1 ਗ੍ਰਾਮ 22 ਮਿਲੀਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲੀਸ ਵੱਲੋਂ ਸਾਰੇ ਮਾਮਲਿਆਂ ਵਿੱਚ ਕਾਬੂ ਕੀਤੇ ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।