ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 10 ਸਤੰਬਰ
ਕਿਸੇ ਵੇਲੇ ਸਿਆਸੀ ਕਾਨਫਰੰਸਾਂ ਲਈ ਜਾਣੇ ਜਾਂਦੇ ਮੇਲਾ ਛਪਾਰ ਦੇ ਮੁੱਖ ਦਿਨ ਸਿਰਫ਼ ਸੀਪੀਆਈ (ਐੱਮ) ਅਤੇ ਅਕਾਲੀ ਦਲ (ਅੰਮ੍ਰਿਤਸਰ) ਦੇ ਸੂਬਾਈ ਆਗੂਆਂ ਵੱਲੋਂ ਆਪਣੀਆਂ ਪਾਰਟੀਆਂ ਦੀਆਂ ਕਾਨਫਰੰਸਾਂ ਨੂੰ ਸੰਬੋਧਨ ਕੀਤਾ ਗਿਆ। ਸੀਪੀਆਈ (ਐੱਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਆਰਐੱਸਐੱਸ ਦਾ ਥਾਪੜਾ ਪ੍ਰਾਪਤ ਭਾਜਪਾ ਸਰਕਾਰ ਸਮਾਜ ਵਿੱਚ ਫ਼ਿਰਕਾਪ੍ਰਸਤੀ ਦਾ ਜ਼ਹਿਰ ਫੈਲਾ ਕੇ ਬੜੀ ਤੇਜ਼ੀ ਨਾਲ ਹਿੰਦੂਤਵ ਦੇ ਏਜੰਡੇ ਨੂੰ ਲਾਗੂ ਕਰਨ ਦੀ ਕੋਸ਼ਿਸ ਕਰ ਰਹੀ ਹੈ। ਕੇਂਦਰ ਸਰਕਾਰ ਦਾ ਆਮ ਲੋਕਾਂ ਦੇ ਮਸਲਿਆਂ ਵੱਲ ਕੋਈ ਧਿਆਨ ਨਹੀਂ ਹੈ ਅਤੇ ਸਿਰਫ਼ ਤੇ ਸਿਰਫ਼ ਸੰਵਿਧਾਨਕ ਸੰਸਥਾਵਾਂ ਨੂੰ ਆਪਣੇ ਸੌੜੇ ਹਿੱਤਾਂ ਨੂੰ ਪ੍ਰਾਪਤ ਕਰਨ ਲਈ ਲੋਕਤੰਤਰੀ ਢਾਂਚੇ ਨੂੰ ਕਮਜ਼ੋਰ ਕਰਨ ਵਿੱਚ ਰੁੱਝੀ ਹੋਈ ਹੈ।
ਕਾਮਰੇਡ ਸੇਖੋਂ ਨੇ ਦੋਸ਼ ਲਗਾਇਆ ਕਿ ਦੇਸ਼ ਵਿੱਚ ਮਹਿੰਗਾਈ ਸਾਰੇ ਹੱਦ ਬੰਨ੍ਹੇ ਪਾਰ ਕਰ ਚੁੱਕੀ ਹੈ ਅਤੇ ਪੈਟਰੋਲ, ਡੀਜ਼ਲ ਤੇ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਨੇ ਆਮ ਲੋਕਾਂ ਦਾ ਜਿਉਣਾ ਦੁੱਭਰ ਕਰ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਆਪਣੇ ਸੌੜੇ ਹਿੱਤਾਂ ਨੂੰ ਛੱਡ ਕੇ ਲੋਕਾਂ ਦੇ ਮੁੱਢਲੇ ਮਸਲਿਆ ਵੱਲ ਤੁਰੰਤ ਧਿਆਨ ਦੇਵੇ। ਅਕਾਲੀ ਦਲ (ਅ) ਦੇ ਪ੍ਰਧਾਨ ਅਤੇ ਸੰਗਰੂਰ ਐੱਮਪੀ ਸਿਮਨਰਜੀਤ ਸਿੰਘ ਮਾਨ ਨੇ ਆਪਣੀ ਪਾਰਟੀ ਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਅਤੇ ਪੰਥਕ ਮਸਲਿਆਂ ਲਈ ਅੱਜ ਤੱਕ ਦੀਆਂ ਕੇਂਦਰ ਅਤੇ ਸੂਬਾ ਸਰਕਾਰਾਂ ਦੋਸ਼ੀ ਹਨ। ਉਨ੍ਹਾਂ ਅਫਸੋਸ ਪ੍ਰਗਟ ਕੀਤਾ ਕਿ ਜਿਹੜੀ ਸਿੱਖ ਕੌਮ ਨੂੰ ਸਾਰੀ ਦੁਨੀਆਂ ਵਿੱਚ ਜੁਝਾਰੂ, ਦੇਸ਼ ਭਗਤ ਅਤੇ ਕੁਰਬਾਨੀਆਂ ਦੇਣ ਵਾਲੀ ਕੌਮ ਵਜੋਂ ਜਾਣਿਆ ਜਾਂਦਾ ਹੈ ਉਸਨੂੰ ਆਪਣੇ ਦੇਸ਼ ਵਿੱਚ ਹੀ ਹੁਕਮਰਾਨਾਂ ਤੋਂ ਜਲੀਲ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਖੇਤੀ ਨੂੰ ਉਜਾੜਨ ਲੱਗੀ ਕੇਂਦਰ ਸਰਕਾਰ ਪੰਜਾਬ ਦਾ ਸਾਰਾ ਕਾਰੋਬਾਰ ਆਪਣੇ ਚਹੇਤੇ ਵੱਡੇ ਘਰਾਣਿਆਂ ਦੇ ਹੱਥਾਂ ਵਿੱਚ ਦੇਣ ਲੱਗੀ ਹੋਈ ਹੈ ਅਤੇ ਨਾਲ ਹੀ 84 ਦੇ ਦੋਸ਼ੀਆਂ ਨੂੰ ਅੱਜ ਤੱਕ ਸਜ਼ਾਵਾ ਨਾ ਦਿੱਤੇ ਜਾਣ ਤੇ ਉਨ੍ਹਾਂ ਕਿਹਾ ਕਿ ਇਸ ਤੋਂ ਕੇਂਦਰ ਸਰਕਾਰਾਂ ਦੀ ਸਿੱਖ ਵਿਰੋਧੀ ਮਾਨਸਿਕਤਾ ਜ਼ਾਹਿਰ ਹੁੰਦੀ ਹੈ।