ਖੇਤਰੀ ਪ੍ਰਤੀਨਿਧ
ਲੁਧਿਆਣਾ, 30 ਅਕਤੂਬਰ
ਲੁਧਿਆਣਾ ਵਿੱਚ ਰਹਿੰਦੇ ਦੂਜੇ ਸੂਬਿਆਂ ਤੋਂ ਆਏ ਭਾਈਚਾਰੇ ਦੇ ਲੋਕਾਂ ਵੱਲੋਂ ਅੱਜ ਢਲਦੇ ਸੂਰਜ ਅੱਗੇ ਛਠ ਪੂਜਾ ਕੀਤੀ। ਇਸ ਪੂਜਾ ਨੂੰ ਲੈ ਕਿ ਪਿਛਲੇ ਕੁਝ ਦਿਨਾਂ ਤੋਂ ਸ਼ਹਿਰ ਦੇ ਬਾਜ਼ਾਰ ਅਤੇ ਖਾਸ ਕਰਕੇ ਸਬਜ਼ੀ ਅਤੇ ਫਲ ਮੰਡੀਆਂ ਵਿੱਚ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ। ਚਾਰ ਦਿਨ ਚੱਲਣ ਵਾਲੀ ਇਹ ਪੂਜਾ ਸੋਮਵਾਰ ਸਵੇਰੇ ਚੜ੍ਹਦੇ ਸੂਰਜ ਦੀ ਪੂਜਾ ਤੋਂ ਬਾਅਦ ਖ਼ਤਮ ਹੋਵੇਗੀ।
ਦੀਵਾਲੀ ਦੇ ਛੇ ਦਿਨ ਬਾਅਦ ਛਠ ਪੂਜਾ ਦਾ ਤਿਓਹਾਰ ਮਨਾਇਆ ਜਾਂਦਾ ਹੈ। ਉਂਜ ਤਾਂ ਇਹ ਤਿਓਹਾਰ ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਪੂਰਬੀ ਉੱਤਰ ਪ੍ਰਦੇਸ਼ ਆਦਿ ਵਿੱਚ ਜ਼ਿਆਦਾ ਮਨਾਇਆ ਜਾਂਦਾ ਹੈ ਪਰ ਹੁਣ ਇਨ੍ਹਾਂ ਸੂਬਿਆਂ ਦੇ ਲੋਕ ਦੇਸ਼ ਦੇ ਹੋਰਨਾਂ ਸ਼ਹਿਰਾਂ ਵਿੱਚ ਵਸਦੇ ਹੋਣ ਕਰ ਕੇ ਇਹ ਤਿਓਹਾਰ ਪੂਰੇ ਦੇਸ਼ ਵਿੱਚ ਮਨਾਇਆ ਜਾਣ ਲੱਗਾ ਹੈ। ਸਨਅਤੀ ਸ਼ਹਿਰ ਲੁਧਿਆਣਾ ਵਿੱਚ ਵੀ ਕੰਮ ਲਈ ਦੂਜੇ ਸੂਬਿਆਂ ਵਿੱਚੋਂ ਆਏ ਪਰਵਾਸੀ ਇਸ ਤਿਓਹਾਰ ਨੂੰ ਧੂਮਧਾਮ ਨਾਲ ਮਨਾਉਂਦੇ ਹਨ। ਇਹ ਮੰਨਿਆ ਜਾਂਦਾ ਹੈ ਕਿ ਇਸ ਸੂਰਜ ਦੇਵਤਾ ਦੀ ਭੈਣ ਦੀ ਪੂਜਾ ਕਰਨ ਨਾਲ ਸ਼ਰਧਾਲੂਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਚਾਰ ਦਿਨ ਚੱਲਣ ਵਾਲਾ ਇਹ ਤਿਓਹਾਰ ਇਸ ਵਾਰ 28 ਅਕਤੂਬਰ ਤੋਂ ਹੀ ਸ਼ੁਰੂ ਹੋ ਗਿਆ ਸੀ। ਐਤਵਾਰ ਨੂੰ ਔਰਤਾਂ ਵੱਲੋਂ ਡੁਬਦੇ ਸੂਰਜ ਦੀ ਪੂਜਾ ਕੀਤੀ ਗਈ। ਸੋਮਵਾਰ ਨੂੰ ਚੜ੍ਹਦੇ ਸੂਰਜ ਦੀ ਪੂਜਾ ਤੋਂ ਬਾਅਦ ਇਹ ਤਿਓਹਾਰ ਖ਼ਤਮ ਹੋ ਜਾਵੇਗਾ। ਇਸ ਤਿਓਹਾਰ ਦੌਰਾਨ ਟੋਕਰਿਆਂ ਵਿੱਚ ਫਲ, ਗਲਗਲ, ਹਰੀ ਹਲਦੀ, ਮੂਲੀਆਂ, ਸ਼ਕਰਕੰਦੀ, ਕਿੰਨੂ, ਸੰਗਾੜੇ, ਗੰਨੇ ਅਤੇ ਮਠਿਆਈ ਆਦਿ ਪ੍ਰਸ਼ਾਦ ਵਜੋਂ ਰੱਖੇ ਜਾਂਦੇ ਹਨ।
ਲੋਕਾਂ ਵੱਲੋਂ ਸ਼ਨਿਚਰਵਾਰ ਅਤੇ ਐਤਵਾਰ ਦੁਪਹਿਰ ਤੱਕ ਇਨ੍ਹਾਂ ਚੀਜ਼ਾਂ ਦੀ ਖ਼ਰੀਦਦਾਰੀ ਕੀਤੀ ਗਈ। ਇਸ ਕਰ ਕੇ ਸਬਜ਼ੀ ਅਤੇ ਫਲ ਮੰਡੀਆਂ ਵਿੱਚ ਪਿਛਲੇ ਕੁਝ ਦਿਨਾਂ ਤੋਂ ਭੀੜ ਕਈ ਗੁਣਾ ਵਧ ਗਈ ਹੈ। ਇਸ ਤਿਓਹਾਰ ਨੂੰ ਦੇਖਦਿਆਂ ਕਈ ਦੁਕਾਨਦਾਰਾਂ ਨੇ ਫਲ ਅਤੇ ਹੋਰ ਸਮਾਨ ਦੀਆਂ ਕੀਮਤਾਂ ਵੀ ਕਈ ਗੁਣਾ ਵਧਾ ਦਿੱਤੀਆਂ ਸਨ। ਇਸ ਤਿਓਹਾਰ ਲਈ ਵਰਧਮਾਨ ਰੋਡ, ਢੰਡਾਰੀ, ਗਿਆਸਪੁਰਾ, ਪੱਖੋਵਾਲ ਰੋਡ, ਜਲੰਧਰ ਬਾਈਪਾਸ, ਮੁੰਡੀਆਂ ਕਲਾਂ ਆਦਿ ਸਣੇ ਹੋਰ ਕਈ ਥਾਵਾਂ ’ਤੇ ਪੂਜਾ ਲਈ ਜ਼ਮੀਨ ਵਿੱਚ ਟੋਏ ਪੁੱਟ ਕਿ ਪਾਣੀ ਭਰਿਆ ਗਿਆ ਸੀ। ਕਈ ਥਾਵਾਂ ’ਤੇ ਤਾਂ ਝੂਲੇ ਅਤੇ ਹੋਰ ਮਨੋਰੰਜਨ ਦਾ ਪ੍ਰਬੰਧ ਵੀ ਕੀਤੇ ਗਏ ਸਨ।