ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 28 ਅਗਸਤ
ਨਾਨਕਸਰ ਸੰਪਰਦਾਇ ਦੀ ਮੁੱਖ ਠਾਠ ਨਾਨਕਸਰ ਕਲੇਰਾਂ ਵਿੱਚ ਸੰਪਰਦਾਇ ਦੇ ਬਾਨੀ ਬਾਬਾ ਨੰਦ ਸਿੰਘ ਦੀ 79ਵੀਂ ਬਰਸੀ ਨੂੰ ਸਮਰਪਿਤ ਪੰਜ ਰੋਜ਼ਾ ਧਾਰਮਿਕ ਸਮਾਗਮ ਜਾਰੀ ਹਨ। ਇੱਥੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਅਤੇ ਭੈਣ ਮਨਪ੍ਰੀਤ ਕੌਰ ਵੀ ਮੱਥਾ ਟੇਕਣ ਪਹੁੰਚੀਆਂ।ਸੰਪਰਦਾਇ ਦੀ ਮੁੱਖ ਠਾਠ ਨਾਨਕਸਰ ਕਲੇਰਾਂ ਵਿੱਚ ਅੱਜ ਬਰਸੀ ਸਮਾਗਮਾਂ ਦੇ ਚੌਥੇ ਦਿਨ ਨਗਰ ਕੀਰਤਨ ਸਜਾਇਆ ਗਿਆ। ਮੁੱਖ ਦਰਬਾਰ ਸਾਹਿਬ ਤੋਂ ਜੈਕਾਰਿਆਂ ਦੀ ਗੂੰਜ ਹੇਠ ਆਰੰਭ ਹੋਇਆ। ਇਹ ਨਗਰ ਕੀਰਤਨ ਸਰੋਵਰ ਦੀ ਪਰਿਕਰਮਾ ਕਰਦਾ ਹੋਇਆ ਵਾਪਸ ਮੁੱਖ ਦਰਬਾਰ ਸਾਹਿਬ ਵਿਖੇ ਪਹੁੰਚ ਕੇ ਸਮਾਪਤ ਹੋਇਆ। ਅੱਜ ਦੇ ਬਰਸੀ ਸਮਾਗਮਾਂ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਅਤੇ ਭੈਣ ਮਨਪ੍ਰੀਤ ਕੌਰ ਵੀ ਮੱਥਾ ਟੇਕਣ ਪਹੁੰਚੀਆਂ। ਉਨ੍ਹਾਂ ਕੁਝ ਸਮਾਂ ਕੀਰਤਨ ਸਰਵਣ ਕੀਤਾ ਅਤੇ ਅਸ਼ੀਰਵਾਦ ਲਿਆ। ਉਪਰੰਤ ਬਾਬਾ ਲੱਖ ਸਿੰਘ ਨਾਨਕਸਰ ਨਾਲ ਉਨ੍ਹਾਂ ਬਰਸੀ ਸਮਾਗਮਾਂ ਮੌਕੇ ਸੰਗਤ ਲਈ ਲਾਏ ਗਏ ਮੈਡੀਕਲ ਕੈਂਪ ਦਾ ਉਦਘਾਟਨ ਕੀਤਾ। ਨਗਰ ਕੀਰਤਨ ਤੋਂ ਪਹਿਲਾਂ ਬਾਬਾ ਗੁਰਜੀਤ ਸਿੰਘ ਨਾਨਕਸਰ, ਬਾਬਾ ਘਾਲਾ ਸਿੰਘ, ਬਾਬਾ ਗੁਰਚਰਨ ਸਿੰਘ, ਬਾਬਾ ਲੱਖਾ ਸਿੰਘ ਨੇ ਸੰਗਤ ਨਾਲ ਵਿਚਾਰ ਸਾਂਝੇ ਕੀਤੇ। ਇਸ ਮੌਕੇ ਵਿਧਾਇਕ ਸਰਵਜੀਤ ਕੌਰ ਮਾਣੂੰਕੇ, ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ, ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਬਲਦੇਵ ਸਿੰਘ ਗਰਚਾ, ਪ੍ਰੋ. ਸੁਖਵਿੰਦਰ ਸੁੱਖੀ, ਪਰਮਜੀਤ ਚੀਮਾ, ਨੰਬਰਦਾਰ ਹਰਚਰਨ ਸਿੰਘ ਤੂਰ ਤੇ ਹਰਪਾਲ ਸਿੰਘ ਉੱਪਲ ਆਦਿ ਵੀ ਮੌਜੂਦ ਸਨ।