ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 20 ਮਈ
ਰੇਲਵੇ ਚਾਈਲਡ ਲਾਈਨ-1098 ਟੀਮ ਨੂੰ ਦੇਰ ਰਾਤ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਕਰੀਬ 2 ਸਾਲ ਦਾ ਮਾਸੂਮ ਲੜਕਾ ਮਿਲਿਆ ਜਿਸ ਨੂੰ ਉਸ ਦਾ ਸ਼ਰਾਬੀ ਪਿਤਾ ਨਸ਼ੇ ਦੀ ਹਾਲਤ ਵਿੱਚ ਰੇਲਵੇ ਸਟੇਸ਼ਨ ਵਿੱੱਚ ਲਿਆ ਕੇ ਤਸ਼ੱਦਦ ਕਰ ਰਿਹਾ ਸੀ। ਚਾਇਲਡ ਲਾਈਨ ਕੋਆਰਡੀਨੇਟਰ ਕੁਲਵਿੰਦਰ ਸਿੰਘ ਡਾਂਗੋਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਘਟਨਾ ਬਾਰੇ ਜਾਣਕਾਰੀ ਮਿਲਣ ‘ਤੇ ਜਦੋਂ ਬੱਚੇ ਨੂੰ ਬਰਾਮਦ ਕੀਤਾ ਤਾਂ ਪਤਾ ਲੱਗਿਆ ਕਿ ਕਰੀਬ 30 ਕੁ ਸਾਲ ਦਾ ਪਰਵਾਸੀ ਆਪਣੀ ਪਤਨੀ ਨਾਲ ਲੜਾਈ ਝਗੜਾ ਕਰਕੇ ਆਪਣੇ 2 ਸਾਲ ਦੇ ਬੱਚੇ ਨੂੰ ਚੁੱਕ ਕੇ ਸਟੇਸ਼ਨ ਵੱਲ ਭੱਜ ਆਇਆ ਸੀ ਅਤੇ ਉਸ ਨੂੰ ਜ਼ਮੀਨ ਤੇ ਪਟਕਾ ਕੇ ਸੁੱਟ ਰਿਹਾ ਸੀ। ਇਸ ਦੌਰਾਨ ਜੀਆਰਪੀ ਦੇ ਸਹਾਇਕ ਥਾਣੇਦਾਰ ਨਾਇਬ ਸਿੰਘ ਅਤੇ ਚਾਇਲਡ ਲਾਈਨ ਟੀਮ ਨੇ ਉਸ ਦੀ ਰਿਹਾਇਸ਼ ਬਾਰੇ ਪਤਾ ਲਗਾਉਣ ਦੀ ਕੋਸ਼ਸ਼ ਕੀਤੀ। ਉਸ ਪਾਸੋਂ ਪ੍ਰਾਪਤ ਹੋਏ ਆਧਾਰ ਕਾਰਡ ਅਨੁਸਾਰ ਉਹ ਮੂਲ ਰੂਪ ਵਿੱਚ ਬਿਹਾਰ ਨਿਵਾਸੀ ਸੀ ਅਤੇ ਕੈਲਾਸ਼ ਚੌਕ ਨੇੜੇ ਸਤਸੰਗ ਘਰ ਕੋਲ ਝੁੱਗੀ ਵਿੱਚ ਰਹਿੰਦਾ ਹੈ। ਬੱਚੇ ਚਾਇਲਡ ਲਾਈਨ ਟੀਮ ਨੇ ਪ੍ਰਾਪਤ ਕਰਕੇ ਆਪਣੇ ਕੋਲ ਰੱਖ ਲਿਆ ਅਤੇ ਰਾਤ ਨੂੰ ਹੀ ਬੱਚੇ ਦਾ ਮੈਡੀਕਲ ਕਰਵਾਇਆ ਗਿਆ। ਕੋਆਰਡੀਨੇਟਰ ਕੁਲਵਿੰਦਰ ਸਿੰਘ ਡਾਂਗੋਂ ਨੇ ਬੱਚੇ ਦੀ ਮਾਤਾ ਦੀ ਤਲਾਸ਼ ਕਰਦਿਆਂ ਬੱਚੇ ਨੂੰ ਬਾਲ ਭਲਾਈ ਕਮੇਟੀ ਦੇ ਸਨਮੁੱਖ ਕਰਕੇ ਉਸ ਦੀ ਮਾਤਾ ਤੇ ਨਾਨੀ ਨੂੰ ਸੌਂਪ ਦਿੱਤਾ। ਬੱਚੇ ਦਾ ਪਿਤਾ ਅੱਜ ਹੋਸ਼ ਵਿੱਚ ਆਉਣ ’ਤੇ ਬੱਚੇ ਦੀ ਸਪੁਰਦਗੀ ਲਈ ਚਾਇਲਡ ਲਾਈਨ ਟੀਮ, ਆਰਪੀਐਫ ਅਤੇ ਜੀਆਰਪੀ ਕੋਲ ਪੁੱਜਿਆ ਪਰ ਉਸ ਦੇ ਹੱਥਾਂ ਵਿੱਚ ਬੱਚੇ ਦਾ ਭਵਿੱਖ ਸੁਰੱਖਿਅਤ ਨਾ ਹੋਣ ਕਾਰਨ ਬਾਲ ਭਲਾਈ ਕਮੇਟੀ ਦੀ ਕਾਰਵਾਈ ਤੋਂ ਬਿਨਾਂ ਉਸ ਨੂੰ ਬੱਚਾ ਨਹੀਂ ਦਿੱਤਾ ਗਿਆ।