ਸਤਵਿੰਦਰ ਬਸਰਾ
ਲੁਧਿਆਣਾ, 13 ਨਵੰਬਰ
ਇੱਥੋਂ ਦੇ ਗੁਰੂ ਨਾਨਕ ਪਬਲਿਕ ਸਕੂਲ, ਮਾਡਲ ਟਾਊਨ ਵਿੱਚ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਮੌਕੇ ਬਾਲ ਦਿਵਸ ਮਨਾਇਆ ਗਿਆ। ਇਸ ਮੌਕੇ ਐੱਲਕੇਜੀ ਦੇ ਵਿਦਿਆਰਥੀਆਂ ਨੂੰ ਗੁਲਾਬ ਦੇ ਫੁੱਲ ’ਚ ਰੰਗ ਭਰਨ, ਯੂਕੇਜੀ ਦੇ ਵਿਦਿਆਰਥੀਆਂ ਨੂੰ ਬਾਲ ਦਿਵਸ ਨਾਲ ਸਬੰਧਤ ਤਸਵੀਰਾਂ ਨੂੰ ਜੋੜ ਕੇ ਲਗਾਉਣ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ। ਪ੍ਰਿੰ. ਗੁਰਮੰਤ ਕੌਰ ਗਿੱਲ ਨੇ ਵਿਦਿਆਰਥੀਆਂ ਨੂੰ ਬਾਲ ਦਿਵਸ ਦੀਆਂ ਵਧਾਈਆਂ ਦਿੱਤੀਆਂ। ਸਪਰਿੰਗ ਡੇਲ ਪਬਲਿਕ ਸਕੂਲ ਵਿੱਚ ਵੀ ‘ਬਾਲ ਦਿਵਸ’ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ ਛੋਟੇ ਬੱਚਿਆਂ ਨੇ ਜਿੱਥੇ ਰੌਮਾਂਚਕ ਖੇਡਾਂ ਖੇਡੀਆਂ ਉੱਥੇ ਕਈ ਵਿਦਿਆਰਥੀ ਪੰਡਿਤ ਨਹਿਰੂ ਦੇ ਪਹਿਰਾਵੇ ਵਿਚ ਸਜੇ ਹੋਏ ਸਨ। ਇਸੇ ਤਰ੍ਹਾਂ ਇੰਡਸ ਵਰਲਡ ਸੀਨੀਅਰ ਸੈਕੰਡਰੀ ਸਕੂਲ ਵਿਚ ਵੀ ਬਾਲ ਦਿਵਸ ਦੀਆਂ ਰੌਣਕਾਂ ਲੱਗੀਆਂ ਰਹੀਆਂ। ਸਕੂਲ ਦੀ ਪ੍ਰਿੰਸੀਪਲ ਨੀਤੂ ਡਾਂਡੀ ਨੇ ਇਸ ਦਿਨ ਨੂੰ ਯਾਦਗਾਰ ਬਣਾਉਣ ਲਈ ਸਮੂਹ ਸਟਾਫ ਅਤੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ।
ਬਾਲ ਦਿਵਸ ਮੌਕੇ ਅਥਲੈਟਿਕ ਮੀਟ
ਮੰਡੀ ਅਹਿਮਦਗੜ੍ਹ (-ਪੱਤਰ ਪ੍ਰੇਰਕ) : ਰੋਟਰੀ ਕਲੱਬ ਦੀ ਸਥਾਨਕ ਇਕਾਈ ਵੱਲੋਂ ਕੌਮੀ ਬਾਲ ਦਿਵਸ ਮੌਕੇ ਇੱਥੋਂ ਦੇ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਐਥਲੈਟਿਕ ਮੀਟ ਕਰਵਾਈ ਗਈ। ਇਸ ਦੌਰਾਨ ਨੈਨਾ, ਰੋਹਿਤ ਅਤੇ ਦਿਲਪ੍ਰੀਤ ਚੀਮਾ ਨੂੰ ਸਰਬੋਤਮ ਅਥਲੀਟ ਚੁਣਿਆ ਗਿਆ। ਇਸ ਅਥਲੈਟਿਕ ਮੀਟ ਦਾ ਉਦਘਾਟਨ ਡੀਐੱਸਪੀ ਹਰਵਿੰਦਰ ਸਿੰਘ ਚੀਮਾ ਨੇ ਕੀਤਾ ਅਤੇ ਅਜੇ ਜੈਨ ਨੇ ਉਦਘਾਟਨੀ ਸਮਾਗਮ ਦੀ ਪ੍ਰਧਾਨਗੀ ਕੀਤੀ। ਐੱਸਐੱਚਓ ਸਿਟੀ ਵਿਨਰ ਪ੍ਰੀਤ ਸਿੰਘ, ਅਸਿਸਟੈਂਟ ਗਵਰਨਰ ਡਾ. ਰਵਿੰਦਰ ਸ਼ਰਮਾ ਅਤੇ ਪ੍ਰਿੰਸੀਪਲ ਵਿਨੈ ਗੋਇਲ ਨੇ ਇਨਾਮਾਂ ਦੀ ਵੰਡ ਕੀਤੀ। ਜਾਣਕਾਰੀ ਅਨੁਸਾਰ ਤਰਨਜੀਤ ਸਿੰਘ, ਸਰਫ਼ਰਾਜ਼, ਹਰਮਨਦੀਪ ਸਿੰਘ, ਆਰਤੀ, ਬਲਜੀਤ ਕੌਰ, ਸਾਹਿਲ ਅਫਸਰੀ, ਅਬਦੁਲ ਨਿਆਜ਼, ਤਾਨਿਸ਼ ਵਰਮਾ, ਸੋਹੇਲ ਖਾਨ, ਮਨਪ੍ਰੀਤ ਅਤੇ ਰਜਿੰਦਰ ਸਿੰਘ ਵੱਖ ਵੱਖ ਮੁਕਾਬਲਿਆਂ ਵਿੱਚ ਅੱਵਲ ਰਹੇ।