ਖੇਤਰੀ ਪ੍ਰਤੀਨਿਧ
ਲੁਧਿਆਣਾ, 24 ਦਸੰਬਰ
ਸ਼ਹਿਰ ਦੇ ਵੱਖ-ਵੱਖ ਸਕੂਲਾਂ ਵਿੱਚ ਅੱਜ ਕ੍ਰਿਸਮਸ ਮਨਾਈ ਗਈ। ਨੰਨ੍ਹੇ ਬੱਚੇ ਸ਼ਾਂਤਾ ਕਲਾਜ, ਪਰੀਆਂ ਅਤੇ ਹਿਰਨਾਂ ਦੇ ਰੂਪ ਵਿੱਚ ਸਜੇ ਦਿਖਾਈ ਦਿੱਤੇ। ਇਸ ਦੌਰਾਨ ਬੱਚਿਆਂ ਨਾਲ ਉਨ੍ਹਾਂ ਦੇ ਮਾਪੇ ਵੀ ਵੱਖ ਵੱਖ ਤਰ੍ਹਾਂ ਦੇ ਪਹਿਰਾਵੇ ਪਾ ਕੇ ਪਹੁੰਚੇ ਹੋਏ ਸਨ। ਸਥਾਨਕ ਸਪਰਿੰਗ ਡੇਲ ਪਬਲਿਕ ਸਕੂਲ ਵਿੱਚ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਦੀ ਅਗਵਾਈ ਵਿੱਚ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਦੀਆਂ ਕਈ ਗਤੀਵਿਧੀਆਂ ਕਰਵਾਈਆਂ ਜਿਨ੍ਹਾਂ ਵਿਚ ਫਨ ਗੇਮਜ਼, ਡਾਂਸ-ਪਾਰਟੀ ਅਤੇ ਜਿੰਗਲ ਬੈਲਜ਼ ਡਾਂਸ ਮੁੱਖ ਖਿੱਚ ਦਾ ਕੇਂਦਰ ਰਹੀਆਂ। ਗੁਰੂ ਨਾਨਕ ਇੰਟਰਨੈਸ਼ਨਲ ਸਕੂਲ ਵਿੱਚ ਵੀ ਪ੍ਰੀ-ਪ੍ਰਾਇਮਰੀ ਵਿੰਗ ਵੱਲੋਂ ਪ੍ਰਿੰਸੀਪਲ ਗੁਰਮੰਤ ਕੌਰ ਗਿੱਲ ਦੀ ਅਗਵਾਈ ਵਿੱਚ ਕ੍ਰਿਸਮਿਸ ਦੀਆਂ ਖੁਸ਼ੀਆਂ ਮਨਾਈਆਂ ਗਈਆਂ। ਇਸ ਮੌਕੇ ਹੈੱਡਮਿਸਟ੍ਰਸ ਨਵਜੀਤ ਕੌਰ ਅਤੇ ਕੋਆਡੀਨੇਟਰ ਅਭੀਨੀਤ ਸਰਨਾ ਵੀ ਮੌਜੂਦ ਸਨ। ਨਿਊ ਜੀਐੱਮਟੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਵੀ ਕ੍ਰਿਸਮਸ ਦੀਆਂ ਰੌਣਕਾਂ ਲੱਗੀਆਂ ਰਹੀਆਂ। ਸਕੂਲ ਪ੍ਰਿੰਸੀਪਲ ਮਨਜੀਤ ਕੌਰ ਅਤੇ ਡਾਇਰੈਕਟਰ ਜਸਬੀਰ ਸਿੰਘ ਥਿੰਦ ਦੀ ਅਗਵਾਈ ਹੇਠ ਹੋਏ ਸਮਾਗਮ ਵਿੱਚ ਲਾਲ ਅਤੇ ਚਿੱਟੇ ਰੰਗ ਦੇ ਪਹਿਰਾਵੇ ਪਾ ਕੇ ਬੱਚੇ ਪਹੁੰਚੇ ਹੋਏ ਸਨ।
ਕ੍ਰਿਸਮਸ ਡੇਅ ਸਬੰਧੀ ਸਮਾਗਮ ਅੱਜ
ਸਮਰਾਲਾ: ਅਗਾਪੇ ਮਸੀਹੀ ਸਤਿਸੰਗ ਬਹਿਲੋਲਪੁਰ ਰੋਡ ਸਮਰਾਲਾ ਵੱਲੋਂ ਪ੍ਰਭੂ ਯਸੂ ਮਸੀਹ ਦਾ ਜਨਮ ਦਿਵਸ 25 ਦਸੰਬਰ ਨੂੰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਗਰਾਊਂਡ ਵਿਚ ਸਵੇਰੇ ਮਨਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦੇ ਹੋਏ ਪਾਸਟਰ ਮਦਨ ਲਾਲ ਅਤੇ ਨਰੇਸ਼ ਕੁਮਾਰ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਮੁੱਖ ਪ੍ਰਚਾਰਕ ਬ੍ਰਦਰ ਹੈਸਿਕ ਦੱਤਾ ਲੁਧਿਆਣਾ, ਪਾਸਟਰ ਵੌਰਲ ਦਾਨੀਏਲ, ਪਾਸਟਰ ਜੈਰਿਨ ਨਵੀਂ ਦਿੱਲੀ ਪੁੱਜ ਰਹੇ ਹਨ ਅਤੇ ਬਤੌਰ ਮੁੱਖ ਮਹਿਮਾਨ ਡਾ. ਇਮਾਨੂਏਲ ਨਾਹਰ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਪੰਜਾਬ ਵਿਸ਼ੇਸ਼ ਤੌਰ ’ਤੇ ਪੁੱਜ ਰਹੇ ਹਨ। -ਪੱਤਰ ਪ੍ਰੇਰਕ