ਨਿੱਜੀ ਪੱਤਰ ਪ੍ਰੇਰਕ
ਖੰਨਾ, 7 ਮਾਰਚ
ਸ਼ਹਿਰ ਦੀ ਵਧਦੀ ਅਬਾਦੀ ਨੂੰ ਮੁੱਖ ਰੱਖਦਿਆਂ ਖੰਨਾ ਪੁਲੀਸ ਵੱਲੋਂ ਸ਼ਹਿਰ ਨੂੰ ਦੋ ਭਾਗਾ ਥਾਣਾ ਸਿਟੀ-1 ਤੇ ਥਾਣਾ ਸਿਟੀ-2 ਵਿਚ ਵੰਡਿਆ ਗਿਆ ਸੀ। ਜੰਝ ਘਰ ਤੋਂ ਖਟੀਕਾ ਚੌਕ ਵਾਲੀ ਸੜਕ ’ਤੇ ਮੀਟ ਮਾਰਕੀਟ ਕੋਲ ਬਣਾਇਆ ਗਿਆ ਥਾਣਾ ਲੋਕਾਂ ਲਈ ਸਹੂਲਤ ਦੀ ਥਾਂ ਪ੍ਰੇਸ਼ਾਨੀ ਦਾ ਸਬੱਬ ਬਣ ਗਿਆ ਹੈ। ਥਾਣੇ ਦੇ ਬਾਹਰ ਖੜ੍ਹਦੀਆਂ ਗੱਡੀਆਂ, ਸਕੂਟਰ ਤੇ ਹੋਰ ਵਾਹਨ ਜਾਮ ਦੀ ਵਜ੍ਹਾ ਬਣ ਰਹੇ ਹਨ। ਇਸ ਕਾਰਨ ਥਾਣੇ ਦਾ ਇਕ ਗੇਟ ਵੀ ਬੰਦ ਹੋ ਗਿਆ ਹੈ। ਵਧੇਰੇ ਮੁਸ਼ਕਿਲ ਸਵੇਰੇ ਤੇ ਦੁਪਹਿਰ ਸਮੇਂ ਨੌਕਰੀਪੇਸ਼ਾ ਲੋਕ, ਦੁਕਾਨਦਾਰ ਤੇ ਵਿਦਿਆਰਥੀਆਂ ਨੂੰ ਆਉਂਦੀ ਹੈ। ਥਾਣਾ ਸਿਟੀ ਦੇ ਕੰਮਕਾਜ ਲਈ ਇਹ ਇਮਾਰਤ ਬਹੁਤ ਛੋਟੀ ਹੈ, ਜਿਸ ਕਾਰਨ ਪੁਲੀਸ ਵੱਲੋਂ ਵੱਖ ਵੱਖ ਮਾਮਲਿਆਂ ’ਚ ਜ਼ਬਤ ਕੀਤੇ ਵਾਹਨ ਪਹਿਲਾਂ ਤਾਂ ਇਮਾਰਤ ਦੇ ਅੰਦਰ ਹੀ ਖੜ੍ਹੇ ਕੀਤੇ ਗਏ ਪਰ ਇਨ੍ਹਾਂ ਦੀ ਗਿਣਤੀ ਵਧਣ ’ਤੇ ਪੁਲੀਸ ਇਹ ਵਾਹਨ ਹੁਣ ਸੜਕ ਕਿਨਾਰੇ ਹੀ ਖੜ੍ਹੇ ਕਰ ਰਹੀ ਹੈ। ਇਸ ਸਬੰਧੀ ਮਨਦੀਪ ਵਰਮਾ, ਹਰਪਾਲ ਸਿੰਘ, ਹਰਸ਼ ਕੁਮਾਰ, ਵਿਮਲ, ਅਮਰਜੀਤ ਸਿੰਘ ਤੇ ਹੋਰ ਲੋਕਾਂ ਨੇ ਐਸਐਸਪੀ ਤੋਂ ਮੰਗ ਕੀਤੀ ਕਿ ਥਾਣੇ ਬਾਹਰ ਖੜ੍ਹੇ ਵਾਹਨਾਂ ਕਾਰਨ ਪ੍ਰਸ਼ਾਨ ਹੁੰਦੇ ਲੋਕਾਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ।
ਇਸ ਸਬੰਧੀ ਐਸਐਸਪੀ ਏਲਨਚੇਜ਼ੀਅਨ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆ ਗਿਆ ਹੈ ਤੇ ਜਲਦ ਇਸ ਦਾ ਹੱਲ ਕਰਵਾ ਦਿੱਤਾ ਜਾਵੇਗਾ।