ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 9 ਅਪਰੈਲ
ਨਗਰ ਕੌਂਸਲ ਚੋਣਾਂ ਤੋਂ ਕੁਝ ਦਿਨ ਪਹਿਲਾਂ ਬਣੀ ਸੜਕ ਨੂੰ ਪੁੱਟਣ ਕਾਰਨ ਪਹਿਲਾਂ ਹੀ ਭ੍ਰਿਸ਼ਟਾਚਾਰ ਦੇ ਮੁੱਦਿਆਂ ਨੂੰ ਲੈ ਕੇ ਵਿਜੀਲੈਂਸ ਦੇ ਘੇਰੇ ’ਚ ਰਹਿਣ ਵਾਲੀ ਨਗਰ ਕੌਂਸਲ ਜਗਰਾਉਂ ਮੁੜ ਚਰਚਾ ’ਚ ਆ ਗਈ ਹੈ। ਕੌਂਸਲ ਚੋਣਾਂ ਤੋਂ ਪਹਿਲਾਂ ਸ਼ਹਿਰ ਦੇ ਵਾਰਡ ਨੰਬਰ-15 ਅਧੀਨ ਆਉਂਦੀ ਸੜਕ ਜੋ ਕਿ ਸੁਭਾਸ਼ ਗੇਟ ਤੋਂ ਲੈ ਕੇ ਗੋਕਲ ਦੇ ਖੋਖੇ ਤੱਕ 48.65 ਲੱਖ ਨਾਲ ਬਣਾਈ ਗਈ ਸੀ। ਇਸ ਸੜਕ ਦਾ ਉਦਘਾਟਨ ਚੋਣਾਂ ਤੋਂ ਪਹਿਲਾਂ ਵਾਰਡ ਨੰਬਰ-15 ਤੋਂ ਕਾਂਗਰਸੀ ਉਮੀਦਵਾਰ ਗੋਰਾ ਲੱਧੜ੍ਹ ਵੱਲੋਂ ਕੀਤਾ ਗਿਆ ਸੀ। ਇੰਟਰਲੌਕ ਟਾਈਲਾਂ ਨਾਲ ਤਿਆਰ ਕੀਤੀ ਇਸ ਸੜਕ ਨੂੰ ਅੱਜ ਜੇਸੀਬੀ ਮਸ਼ੀਨ ਨਾਲ ਪੁੱਟ ਦਿੱਤਾ ਗਿਆ। ਇਸ ਸਬੰਧੀ ਠੇਕੇਦਾਰ ਅਸ਼ਵਨੀ ਕੁਮਾਰ ਬੱਲੂ ਨਾਲ ਗੱਲ ਕੀਤੀ ਤਾਂ ਉਸਨੇ ਆਖਿਆ ਕਿ ਮੈਨੂੰ ਸੜਕ ਦੇ ਪੁੱਟਣ ਸਬੰਧੀ ਕੁੱਝ ਵੀ ਨਹੀਂ ਪਤਾ, ਇਸ ਬਾਰੇ ਮੁੱਖ ਠੇਕੇਦਾਰ ਅਜੈ ਕੁਮਾਰ ਹੀ ਦੱਸ ਸਕਦੇ ਹਨ। ਅਜੈ ਕੁਮਾਰ ਨਾਲ ਗੱਲ ਕਰਨੀ ਚਾਹੀ ਤਾਂ ਉਸਨੇ ਫੋਨ ਨਹੀਂ ਚੁੱਕਿਆ। ਉਥੇ ਕੰਮ ਕਰਨ ਵਾਲੇ ਵਰਕਰਾਂ ਨੇ ਦੱਸਿਆ ਕਿ ਸੜਕ ਥੱਲੇ ਸੀਵਰੇਜ ਚੈਂਬਰ ਹਨ, ਉਨ੍ਹਾਂ ਨੂੰ ਲੱਭਣ ਲਈ ਸੜਕ ਪੁੱਟੀ ਗਈ ਹੈ।
ਨਗਰ ਕੌਂਸਲ ਕਾਰਜਸਾਧਕ ਅਫਸਰ ਸੰਜੇ ਬਾਂਸਲ ਨੂੰ ਜਦੋਂ ਪੁੱਛਿਆ ਕਿ ਸੜਕ ਕਿਉਂ ਪੁੱਟੀ ਜਾ ਰਹੀ ਹੈ ਤਾਂ ਉਨ੍ਹਾਂ ਹੈਰਾਨੀ ਪ੍ਰਗਟ ਕਰਦੇ ਹੋਏ ਆਖਿਆ ਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਕਿ ਨਵੀਂ ਬਣੀ ਸੜਕ ਨੂੰ ਕਿਉਂ ਪੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਦੀ ਜਾਂਚ ਕਰਨਗੇ।