ਜੋਗਿੰਦਰ ਸਿੰਘ ਓਬਰਾਏ
ਖੰਨਾ, 12 ਸਤੰਬਰ
ਇੱਥੋਂ ਦੇ ਵਾਰਡ ਨੰਬਰ-21 ਵਿਚ ਸਥਿਤ ਮਾਤਾ ਰਾਣੀ ਮੰਦਰ ਦੇ ਨਜ਼ਦੀਕ ਪਾਰਕ ਨੂੰ ਨਗਰ ਕੌਂਸਲ ਵੱਲੋਂ ਰੇਨ ਹਾਰਵੈਸਟਿੰਗ ਸਿਸਟਮ ਦੇ ਨਾਂ ’ਤੇ ਪੁੱਟ ਦਿੱਤਾ ਗਿਆ ਹੈ। ਪਾਰਕ ਦੀ ਮੁੱਖ ਕੰਧ ਨੂੰ ਤੋੜਨ ਦੇ ਨਾਲ-ਨਾਲ 50 ਫੁੱਟ ਡੂੰਘਾ ਬੋਰ ਪੁੱਟਿਆ ਗਿਆ ਹੈ। ਇਸ ਦਾ ਪਤਾ ਲੱਗਣ ’ਤੇ ਭਾਜਪਾ ਦੇ ਸਾਬਕਾ ਕੌਂਸਲਰ ਜਤਿੰਦਰ ਦੇਵਗਨ ਅਤੇ ਮੁਹੱਲਾ ਵਾਸੀ ਮੌਕੇ ’ਤੇ ਪੁੱਜੇ ਅਤੇ ਕੌਂਸਲ ਅਧਿਕਾਰੀਆਂ ਤੇ ਠੇਕੇਦਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਕੇ ਕੰਮ ਬੰਦ ਕਰਵਾਇਆ। ਸ੍ਰੀ ਦੇਵਗਨ ਨੇ ਕਿਹਾ ਕਿ ਜਦੋਂ ਅਧਿਕਾਰੀਆਂ ਤੋਂ ਰੇਨ ਹਾਰਵੈਸਟਿੰਗ ਸਿਸਟਮ ਦਾ ਨਕਸ਼ਾ ਮੰਗਿਆ ਤਾਂ ਉਹ ਟਾਲ-ਮਟੋਲ ਕਰਨ ਲੱਗੇ, ਜਿਸ ਤੋਂ ਸਾਫ਼ ਹੋ ਗਿਆ ਕਿ ਆਸ-ਪਾਸ ਦੇ ਮੁਹੱਲਿਆਂ ‘ਚ ਖੜ੍ਹਨ ਵਾਲੇ ਮੀਂਹ ਦੇ ਪਾਣੀ ਨੂੰ ਇਸ ਬੋਰ ਵਿਚ ਸੁੱਟਣ ਦੀ ਸਾਜ਼ਿਸ ਤਹਿਤ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁੰਦਰ ਪਾਰਕ ਨੂੰ ਇਕ ਛੱਪੜ ਵਿਚ ਬਦਲਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਇਸ ਮੌਕੇ ਸਾਬਕਾ ਕੌਂਸਲਰ ਸੁਧੀਨ ਸੋਨੂੰ, ਰਾਜੇਸ਼ ਕੁਮਾਰ, ਰਮੇਸ਼ ਮੇਸ਼ੀ, ਸੰਨੀ ਸ਼ਰਮਾ ਆਦਿ ਹਾਜ਼ਰ ਸਨ।
ਇਸ ਮੌਕੇ ਭਾਜਪਾ ਦੇ ਸਾਬਕਾ ਕੌਸਲਰ ਡਾ. ਸੋਮੇਸ਼ ਬੱਤਾ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਕਿਸ ਦੀ ਸ਼ਹਿ ’ਤੇ ਇਲਾਕੇ ਦਾ ਗੰਦਾ ਸੀਵਰੇਜ ਦਾ ਪਾਣੀ ਗ੍ਰੀਨ ਬੈਲਟ ਵਿਚ ਸੁੱਟਣ ਦੀ ਸਾਜ਼ਿਸ ਰਚੀ ਜਾ ਰਹੀ ਹੈ।
ਕੰਮ ਪੂਰੀ ਤਰ੍ਹਾਂ ਨਿਯਮਾਂ ਤਹਿਤ ਹੋ ਰਿਹੈ: ਈਓ
ਨਗਰ ਕੌਂਸਲ ਦੇ ਈਓ ਚਰਨਜੀਤ ਸਿੰਘ ਨੇ ਕਿਹਾ ਕਿ ਰੇਨ ਹਾਰਵੈਸਟਿੰਗ ਸਿਸਟਮ ਖੰਨਾ ਕੌਸਲ ਵੱਲੋਂ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਾਜੈਕਟ ਦੀ ਜ਼ਿਆਦਾ ਜਾਣਕਾਰੀ ਇੰਜਨੀਅਰਿੰਗ ਸਾਖ਼ਾ ਹੀ ਦੇ ਸਕਦੀ ਹੈ, ਪਰ ਕੰਮ ਪੂਰੀ ਤਰ੍ਹਾਂ ਨਿਯਮਾਂ ਤਹਿਤ ਹੋ ਰਿਹਾ ਹੈ।