ਗਗਨਦੀਪ ਅਰੋੜਾ
ਲੁਧਿਆਣਾ, 12 ਨਵੰਬਰ
ਸਿਵਲ ਹਸਪਤਾਲ ਲੁਧਿਆਣਾ ਨੂੰ ਜਲਦ ਹੀ ਅੱਪਗ੍ਰੇਡ ਕੀਤਾ ਜਾਏਗਾ। ਜਿਸਦੇ ਲਈ ਅੱਜ ਹਸਪਤਾਲ ਵਿੱਚ ਸਿਹਤ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ, ਲੋਕ ਨਿਰਮਾਣ ਵਿਭਾਗ ਅਤੇ ਠੇਕੇਦਾਰਾਂ ਸਣੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਹੋਈ। ਮੀਟਿੰਗ ਦੀ ਪ੍ਰਧਾਨਗੀ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਕੀਤੀ। ਮੀਟਿੰਗ ਵਿੱਚ ਸਿਵਲ ਸਰਜਨ ਡਾ. ਪ੍ਰਦੀਪ ਕੁਮਾਰ, ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਪ੍ਰੀਤ ਸਿੰਘ, ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਕਮਲਜੀਤ ਸਿੰਘ, ਕਬੀਰ ਇਨਫਰਾ ਤੋਂ ਇਜ਼ੂ ਕਾਲੜਾ, ਕ੍ਰੇਸੈਂਟੀਆ ਪ੍ਰਾਜੈਕਟ ਮੈਨੇਜਮੈਂਟ ਤੋਂ ਮੋਹਿਤ ਕੰਵਰ ਅਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਇੱਕ ਅਧਿਕਾਰੀ ਹਾਜ਼ਰ ਸਨ। ਇਸ ਦੌਰਾਨ ਰਾਜ ਸਭਾ ਮੈਂਬਰ ਨੇ ਮੁਕੰਮਲ ਹੋਏ ਕੰਮਾਂ ਦੇ ਨਾਲ-ਨਾਲ ਚੱਲ ਰਹੇ ਕੰਮਾਂ ਬਾਰੇ ਵੀ ਜਾਣਕਾਰੀ ਲਈ। ਅੱਪਗ੍ਰੇਡੇਸ਼ਨ ਨੂੰ ਸੀਐੱਸਆਰ ਅਤੇ ਐੱਮਪੀਐੱਲਏਡੀ ਪਹਿਲਕਦਮੀਆਂ ਰਾਹੀਂ ਫੰਡ ਦਿੱਤਾ ਜਾ ਰਿਹਾ ਹੈ ਜਿਸਦਾ ਉਦੇਸ਼ ਹਸਪਤਾਲ ਨੂੰ ਕਿਸੇ ਵੀ ਬਿਹਤਰ ਪ੍ਰਾਈਵੇਟ ਹਸਪਤਾਲ ਦੇ ਬਰਾਬਰ ਮਿਆਰਾਂ ਵਾਲੀ ਸੁਵਿਧਾ ਵਿੱਚ ਬਦਲਣਾ ਹੈ। ਬਕਾਇਆ ਕੰਮਾਂ ਵਿੱਚ ਛੱਤ ਦੀ ਵਾਟਰ ਪਰੂਫਿੰਗ, ਅੱਗ ਸੁਰੱਖਿਆ ਉਪਾਅ, ਬਾਗਬਾਨੀ ਵਿੱਚ ਸੁਧਾਰ, ਪੇਂਟਿੰਗ, ਛੱਤ ਵਾਲੇ ਪੱਖੇ ਅਤੇ ਬਿਹਤਰ ਰੋਸ਼ਨੀ, ਅੰਦਰੂਨੀ ਸੜਕਾਂ ਦਾ ਮੁੜ ਨਿਰਮਾਣ ਅਤੇ ਚੌੜਾ ਕਰਨਾ, ਪਾਰਕਿੰਗ ਖੇਤਰਾਂ ਵਿੱਚ ਪੇਵਰ ਵਿਛਾਉਣ, ਮਰੀਜ਼ਾਂ ਅਤੇ ਉਨ੍ਹਾਂ ਦੇ ਨਾਲ ਆਉਂਦੇ ਲੋਕਾਂ ਲਈ ਸ਼ੈੱਡਾਂ ਦਾ ਨਿਰਮਾਣ ਕਰਨਾ ਸ਼ਾਮਲ ਹੈ। ਮੁਕੰਮਲ ਕੀਤੇ ਗਏ ਕੰਮਾਂ ਵਿੱਚ ਨਵੀਆਂ ਸੀਵਰ ਲਾਈਨਾਂ, ਚੂਹਿਆਂ ਨੂੰ ਕੰਟਰੋਲ ਕਰਨ ਦੇ ਉਪਾਅ, ਚਾਰਦੀਵਾਰੀ ਦੀ ਮਜ਼ਬੂਤੀ, ਟਾਈਲਾਂ ਦਾ ਕੰਮ, ਬਾਥਰੂਮ ਦੀ ਮੁਰੰਮਤ, ਕੂੜੇ ਦੇ ਡੰਪ ਨੂੰ ਹਟਾਉਣਾ ਅਤੇ ਦੋ ਲਿਫਟਾਂ ਦੀ ਮੁਰੰਮਤ ਸ਼ਾਮਲ ਹੈ।