ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 15 ਜੁਲਾਈ
ਇੱਥੇ ਬੱਸ ਅੱਡੇ ਦੇ ਬਾਹਰ ਬਣੇ ਆਟੋ ਸਟੈਂਡ ’ਤੇ ਬੀਤੇ ਦਿਨ ਸਵਾਰੀਆਂ ਨੂੰ ਲੈ ਕੇ ਦੋ ਆਟੋ ਚਾਲਕ ਆਪਸ ’ਚ ਭਿੜ ਗਏ। ਇਕ ਆਟੋ ਚਾਲਕ ਨੇ ਤੇਜ਼ਧਾਰ ਹਥਿਆਰ ਨਾਲ ਦੂਜੂ ਆਟੋ ਚਾਲਕ ਰਾਜਿੰਦਰ ਕੁਮਾਰ (52) ’ਤੇ ਕਾਤਲਾਨਾ ਹਮਲਾ ਕਰ ਦਿੱਤਾ। ਜ਼ਖ਼ਮੀ ਹੋਏ ਰਾਜਿੰਦਰ ਕੁਮਾਰ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਸੀਐੱਮਸੀ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਸੀਐੱਮਸੀ ਹਸਪਤਾਲ ਵਿੱਚ ਰਾਜਿੰਦਰ ਕੁਮਾਰ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲੀਸ ਨੇ ਰਾਜਿੰਦਰ ਦੇ ਲੜਕੇ ਮਨਦੀਪ ਦੀ ਸ਼ਿਕਾਇਤ ’ਤੇ ਮਾਡਲ ਟਾਊਨ ਸਥਿਤ ਡਾ. ਅੰਬੇਡਕਰ ਨਗਰ ਦੇ ਵਸਨੀਕ ਸੰਦੀਪ ਸਿੰਘ ਉਰਫ਼ ਸੋਨੂੰ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਰਾਜਿੰਦਰ ਸਿੰਘ ਆਟੋ ਚਾਲਕ ਹੈ ਤੇ ਬੱਸ ਅੱਡੇ ਤੋਂ ਸਵਾਰੀਆਂ ਲੈ ਕੇ ਵੱਖ-ਵੱਖ ਥਾਵਾਂ ’ਤੇ ਜਾਂਦਾ ਹੈ। ਬੀਤੇ ਦਿਨ ਦੁਪਹਿਰ ਸਮੇਂ ਉਹ ਬੱਸ ਅੱਡੇ ਦੇ ਬਾਹਰ ਬਣੇ ਸਟੈਂਡ ’ਤੇ ਹੀ ਖੜ੍ਹਾ ਸੀ। ਇਸ ਦੌਰਾਨ ਉਹ ਆਟੋ ’ਚ ਸਵਾਰੀਆਂ ਭਰ ਰਿਹਾ ਸੀ ਤਾਂ ਮੁਲਜ਼ਮ ਸੰਦੀਪ ਵੀ ਉੱਥੇ ਆ ਗਿਆ। ਉਸ ਨੇ ਘੱਟ ਪੈਸੇ ਲੈ ਕੇ ਸਵਾਰੀਆਂ ਬਿਠਾਉਣੀਆਂ ਸ਼ੁਰੂ ਕਰ ਦਿੱਤੀਆਂਂ। ਇਸ ਦੌਰਾਨ ਦੋਹਾਂ ਆਟੋ ਚਾਲਕਾਂ ਵਿਚਾਲੇ ਬਹਿਸ ਹੋ ਗਈ। ਗੱਲ ਐਨੀ ਵਧ ਗਈ ਕਿ ਮੁਲਜ਼ਮ ਸੰਦੀਪ ਸਿੰਘ ਨੇ ਤੇਜ਼ਧਾਰ ਕੱਢ ਕੇ ਰਾਜਿੰਦਰ ਦੀ ਗਰਦਨ ’ਤੇ ਮਾਰ ਦਿੱਤਾ, ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਮੁਲਜ਼ਮ ਸੰਦੀਪ ਇੱਕ ਵਾਰ ਤਾਂ ਉੱਥੋਂ ਫ਼ਰਾਰ ਹੋ ਗਿਆ, ਪਰ ਜਦੋਂ ਪੁਲੀਸ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਪੁਲੀਸ ਨੇ ਮੁਲਜ਼ਮ ਸੰਦੀਪ ਨੂੰ ਗ੍ਰਿਫ਼ਤਾਰ ਕਰ ਲਿਆ।