ਨਿੱਜੀ ਪੱਤਰ ਪ੍ਰੇਰਕ
ਮੰਡੀ ਗੋਬਿੰਦਗੜ੍ਹ, 15 ਜੂਨ
ਸਨਅਤੀ ਸ਼ਹਿਰ ਮੰਡੀ ਗੋਬਿੰਦਗੜ੍ਹ ਦੇ ਸ਼ਾਂਤੀ ਨਗਰ ਇਲਾਕੇ ਵਿਚ ਮਕਾਨ ਦੇ ਕਿਰਾਏ ਨੂੰ ਲੈ ਕੇ ਮਕਾਨ ਮਾਲਕ ਅਤੇ ਕਿਰਾਏਦਾਰ ਆਪਸ ਵਿਚ ਉਲਝ ਗਏ, ਜਿਸ ਵਿਚ ਕਿਰਾਏਦਾਰ ਪਰਿਵਾਰ ਦੀ ਇੱਕ ਔਰਤ ਸਮੇਤ 3 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਥਾਣਾ ਮੰਡੀ ਗੋਬਿੰਦਗੜ੍ਹ ਪੁਲੀਸ ਨੇ ਇਸ ਮਾਮਲੇ ਵਿਚ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸਹਾਇਕ ਥਾਣੇਦਾਰ ਨਿਰਮਲ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਵਿਚ ਤਰਨਜੀਤ ਸਿੰਘ, ਅਮਰਿੰਦਰ ਸਿੰਘ, ਮਨਜੀਤ ਸਿੰਘ ਅਤੇ ਇੱਕ ਅਣਪਛਾਤਾ ਵਿਅਕਤੀ ਸ਼ਾਮਲ ਹੈ, ਜਿਨ੍ਹਾਂ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਹਸਪਤਾਲ ਵਿਚ ਜ਼ਖ਼ਮੀ ਹਰਜੀਤ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ, ਜਿਸ ਵਿਚ ਉਸ ਨੇ ਦੱਸਿਆ ਕਿ ਉਹ ਟਰੱਕ ਡਰਾਇਵਰ ਹੈ ਅਤੇ ਮਈ ਮਹੀਨੇ ਵਿਚ ਉਸ ਨੇ ਆਪਣਾ ਖ਼ੁਦ ਦਾ ਮਕਾਨ ਬਣਾ ਲਿਆ ਸੀ ਅਤੇ ਲੌਕਡਾਊਨ ਕਾਰਨ ਜਾ ਨਹੀਂ ਸਕਿਆ। ਵਾਰ-ਵਾਰ ਕਿਰਾਇਆ ਮੰਗਣ ’ਤੇ ਉਸ ਨੇ ਆਪਣਾ ਮੋਟਰਸਾਈਕਲ ਵੀ ਮਕਾਨ ਮਾਲਕ ਦੇ ਕੋਲ ਗਹਿਣੇ ਰੱਖ ਦਿੱਤਾ ਸੀ ਅਤੇ ਕਿਰਾਏ ਦੇ ਪੈਸੇ ਦੇ ਕੇ ਮੋਟਰਸਾਈਕਲ ਵਾਪਸ ਲੈਣ ਦੀ ਦੋਨਾਂ ਵਿਚ ਸਹਿਮਤੀ ਹੋ ਗਈ ਸੀ ਪ੍ਰੰਤੂ ਮਕਾਨ ਮਾਲਕ ਨੇ ਉਸ ਤੋਂ ਮੋਟਰਸਾਈਕਲ ਦੀ ਆਰ.ਸੀ ਅਤੇ ਕਾਗ਼ਜ਼ਾਤ ਮੰਗੇ ਪ੍ਰੰਤੂ ਉਸ ਨੇ ਕਾਗਜ਼ਾਤ ਦੇਣ ਤੋਂ ਮਨ੍ਹਾ ਕਰ ਦਿੱਤਾ, ਜਿਸ ਕਾਰਨ ਉਨ੍ਹਾਂ ਨੇ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਜਿਸ ਵਿਚ ਉਸ ਦੀ ਪਤਨੀ ਅਤੇ ਬੇਟਾ ਜ਼ਖ਼ਮੀ ਹੋ ਗਏ।