ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 24 ਸਤੰਬਰ
ਇੱਥੇ ਵੱਖ-ਵੱਖ ਥਾਵਾਂ ਤੋਂ ਦੋ ਨਾਬਾਲਗ ਲੜਕੀਆਂ ਨੂੰ ਦੋ ਲੜਕੇ ਵਰਗਲਾ ਕੇ ਲੈ ਗਏ ਹਨ। ਥਾਣਾ ਡਿਵੀਜ਼ਨ ਨੰਬਰ 3 ਦੀ ਪੁਲੀਸ ਨੂੰ ਮਾਤਾ ਰਾਣੀ ਚੌਕ ਇਕਬਾਲ ਆਰਮੀ ਸਟੋਰ ਵਾਸੀ ਬੇਬੀ ਪੁੱਤਰੀ ਕ੍ਰਿਸ਼ਨਾ ਨੇ ਦੱਸਿਆ ਕਿ ਉਸਦੀ ਦੋਸਤੀ ਮੁਜਿਜਦ ਰੋਜ਼ਾ ਨਾਲ ਸੀ। ਉਹ ਉਸਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਲੁਧਿਆਣਾ ਤੋਂ ਆਪਣੇ ਨਾਲ ਲੈ ਗਿਆ ਅਤੇ 1 ਸਤੰਬਰ 24 ਨੂੰ ਛੱਤਰਪੁਰ ਮੱਧ ਪ੍ਰਦੇਸ਼ ਰੇਲਵੇ ਸਟੇਸ਼ਨ ’ਤੇ ਛੱਡ ਕੇ ਚਲਾ ਗਿਆ। ਪੁਲੀਸ ਪਾਰਟੀ ਨੇ ਮੁਜਿਜਦ ਰੋਜਾ ਉਰਫ਼ ਰਿਆਜ਼ ਖਾਨ ਵਾਸੀ ਕਿਸ਼ਨਗੰਜ ਕਿਸਾਰ ਖ਼ਿਲਾਫ਼ ਕੇਸ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਹੈ। ਇਸੇ ਤਰ੍ਹਾਂ ਥਾਣਾ ਟਿੱਬਾ ਦੀ ਪੁਲੀਸ ਨੂੰ ਮੁਹੱਲਾ ਗੀਤਾ ਨਗਰ ਟਿੱਬਾ ਰੋਡ ਵਾਸੀ ਅਸ਼ੋਕ ਲਾਲ ਸ੍ਰੀਵਾਸਤਵ ਦੀ ਪਤਨੀ ਨੇ ਦੱਸਿਆ ਕਿ ਉਸਦੀ ਛੋਟੀ ਲੜਕੀ ਆਪਣੇ ਭਰਾ ਦੇ ਬੱਚਿਆਂ ਨੂੰ ਆਂਗਣਵਾੜੀ ਸਕੂਲ ਗਲੀ ਨੰਬਰ 2/1-2, ਗੀਤਾ ਨਗਰ ਵਿੱਚ ਛੱਡਣ ਲਈ ਗਈ ਸੀ, ਪਰ ਉਹ ਘਰ ਵਾਪਸ ਨਹੀਂ ਆਈ। ਉਸਦੀ ਕਾਫ਼ੀ ਭਾਲ ਕੀਤੀ ਗਈ ਹੈ ਪਰ ਉਹ ਨਹੀਂ ਮਿਲੀ। ਉਸ ਨੇ ਸ਼ੱਕ ਪ੍ਰਗਟ ਕੀਤਾ ਹੈ ਕਿ ਉਸ ਦੀ ਲੜਕੀ ਨੂੰ ਕਿਸੇ ਵਿਅਕਤੀ ਨੇ ਆਪਣੇ ਨਿੱਜੀ ਸੁਆਰਥ ਲਈ ਕਿਧਰੇ ਲੁਕਾ ਕੇ ਰੱਖਿਆ ਹੋਇਆ ਹੈ। ਪੁਲੀਸ ਵੱਲੋਂ ਦੋਵਾਂ ਮਾਮਲਿਆਂ ਵਿੱਚ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।