ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 14 ਜੁਲਾਈ
ਸਾਉਣ ਮਹੀਨੇ ‘ਚ ਹੋਣ ਵਾਲੀ ਬਰਸਾਤ ਦੇ ਮੱਦੇਨਜ਼ਰ ਸ਼ਹਿਰ ‘ਚੋਂ ਬਾਰਿਸ਼ ਦੇ ਪਾਣੀ ਦੀ ਨਿਕਾਸੀ ਲਈ ਨਾਲਿਆਂ ਦੀ ਸਫ਼ਾਈ ਦਾ ਕੰਮ ਤੇਜ਼ ਕਰ ਦਿੱਤਾ ਗਿਆ ਹੈ। ਪ੍ਰਾਚੀਨ ਭੱਦਰਕਾਲੀ ਮੰਦਰ ਤੋਂ ਇਲਾਵਾ ਹੋਰਨਾਂ ਇਲਾਕਿਆਂ ’ਚੋਂ ਨਾਲਿਆਂ ਦੀ ਸਫ਼ਾਈ ਕਰਵਾਉਣ ਉਪਰੰਤ ਅੱਜ ਡਿਸਪੋਜ਼ਲ ਰੋਡ ਤੋਂ ਲੰਘਦੇ ਗੰਦੇ ਨਾਲੇ ਦੀ ਨਵੀਂ ਗਊਸ਼ਾਲਾ ਅਤੇ ਅਗਵਾੜ ਖੁਆਜਾ ਬਾਜੂ ਨੇੜਿਓਂ ਲੋੜੀਂਦੀ ਮਸ਼ੀਨਰੀ ਲੈ ਕੇ ਸਫ਼ਾਈ ਕਰਵਾਈ ਗਈ। ਕਾਂਗਰਸ ਪਾਰਟੀ ਨਾਲ ਸਬੰਧਤ ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ ਨੇ ਦੱਸਿਆ ਕਿ ਬਰਸਾਤ ਤੋਂ ਪਹਿਲਾਂ ਨਾਲਿਆਂ ਦੀ ਸਫ਼ਾਈ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ। ਅੱਜ ਜੇਸੀਬੀ ਅਤੇ ਹੋਰ ਲੋੜੀਂਦੀ ਮਸ਼ੀਨਰੀ ਨਾਲ ਸਫ਼ਾਈ ਸ਼ੁਰੂ ਕਰਵਾਉਣ ਮੌਕੇ ਸ਼ਹੀਦ ਭਗਤ ਸਿੰਘ ਕਲੱਬ ਦੇ ਪ੍ਰਧਾਨ ਤੇ ਕੌਂਸਲਰ ਕਾਮਰੇਡ ਰਵਿੰਦਰਪਾਲ ਸਿੰਘ ਰਾਜੂ ਤੋਂ ਇਲਾਵਾ ਮੇਸ਼ੀ ਸਹੋਤਾ, ਅਮਨ ਕਪੂਰ ਬੌਬੀ, ਹਰਦੀਪ ਜੱਸੀ, ਬਲਦੇਵ ਸਿੰਘ ਗਰਚਾ, ਜਸਬੀਰ ਸਿੰਘ ਆਦਿ ਮੌਜੂਦ ਸਨ। ਕਮਲ ਚੌਕ ਤੇ ਸਦਨ ਮਾਰਕੀਟ ਵਾਲਾ ਇਲਾਕਾ ਸਭ ਤੋਂ ਵੱਧ ਮੀਂਹ ਦੇ ਪਾਣੀ ਦੀ ਮਾਰ ਵਿੱਚ ਆਉਂਦਾ ਹੈ। ਇਸੇ ਤਰ੍ਹਾਂ ਕਰੋੜਾਂ ਦਾ ਕਾਰੋਬਾਰ ਕਰਨ ਵਾਲੀ ਪੁਰਾਣੀ ਦਾਣਾ ਮੰਡੀ ਵਿੱਚੋਂ ਪਾਣੀ ਦੀ ਨਿਕਾਸੀ ਦਾ ਸਮੱਸਿਆ ਦਹਾਕਿਆਂ ਤੋਂ ਚੱਲੀ ਆ ਰਹੀ ਹੈ। ਮੰਡੀ ਦੇ ਪਿਛਲੇ ਪਾਸੇ ਪਾਣੀ ਦੀ ਨਿਕਾਸੀ ਲਈ ਲੰਘਦੇ ਨਾਲੇ ਦੀ ਹਾਲਤ ਵੀ ਬਦਤਰ ਹੈ ਅਤੇ ਇਥੇ ਵੀ ਨਾਜਾਇਜ਼ ਕਬਜ਼ੇ ਨੇ ਨਾਲਾ ਪੂਰਨ ਦਾ ਕੰਮ ਕੀਤਾ ਹੈ। ਪ੍ਰਧਾਨ ਰਾਣਾ ਨੇ ਪਿਛਲੇ ਸਮਿਆਂ ‘ਚ ਛੱਪੜ ਤੇ ਨਾਲਿਆਂ ’ਤੇ ਨਾਜਾਇਜ਼ ਕਬਜ਼ਿਆਂ ਦੀ ਗੱਲ ਕਬੂਲੀ। ਉਨ੍ਹਾਂ ਕਿਹਾ ਕਿ ਉਹ ਮਸ਼ੀਨਾਂ ਰਾਹੀਂ ਸੀਵਰੇਜ ਤੇ ਨਾਲਿਆਂ ਦੀ ਸਫ਼ਾਈ ਕਰਵਾ ਰਹੇ ਹਨ ਅਤੇ ਮੋਟਰਾਂ ਦਾ ਵੀ ਪ੍ਰਬੰਧ ਕੀਤਾ ਹੈ ਤਾਂ ਜੋ ਮੀਂਹ ਪੈਣ ’ਤੇ ਪਾਣੀ ਦੀ ਨਿਕਾਸੀ ਹੋਵੇ ਅਤੇ ਘੱਟੋ-ਘੱਟ ਨੁਕਸਾਨ ਹੋਵੇ।