ਪੱਤਰ ਪ੍ਰੇਰਕ/ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 3 ਜੁਲਾਈ
ਸਥਾਨਕ ਨਗਰ ਕੌਂਸਲ ਵੱਲੋਂ ਸ਼ਹਿਰ ’ਚ ਪਾਣੀ ਦੀ ਨਿਕਾਸੀ ਦਾ ਮਸਲਾ ਹੱਲ ਕਰਨ ਲਈ ਵੱਖ-ਵੱਖ ਵਾਰਡਾਂ ’ਚ ਪਾਈਪ ਲਾਈਨ ਮਸ਼ੀਨ ਤੇ ਜੇਸੀਬੀ ਨਾਲ ਕੰਮ ਸ਼ੁਰੂ ਕਰਵਾ ਦਿੱਤਾ ਹੈ। ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ ਨੇ ਦੱਸਿਆ ਕਿ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਮੀਂਹ ਦੇ ਦਿਨਾਂ ’ਚ ਸ਼ਹਿਰ ਦੇ ਮੁੱਖ ਬਾਜ਼ਾਰ ਦਾ ਸ਼ਹਿਰ ’ਚ ਦਾਖਲ ਹੋਣ ਵਾਲੀਆਂ ਸੜਕਾਂ ਨਾਲੋਂ ਸੰਪਰਕ ਟੁੱਟ ਜਾਂਦਾ ਹੈ। ਪੁਰਾਣੀ ਦਾਣਾ ਮੰਡੀ, ਕਮਲ ਚੌਕ, ਪੁਰਾਣੀ ਸਬਜ਼ੀ ਮੰਡੀ ਸਣੇ ਕਈ ਅਜਿਹੇ ਨੀਵੇਂ ਇਲਾਕੇ ਹਨ ਜਿੱਥੇ ਥੋੜ੍ਹੇ ਜਿਹੇ ਮੀਂਹ ਦਾ ਪਾਣੀ ਭਰ ਜਾਂਦਾ ਹੈ। ਜਿਸ ਕਾਰਨ ਦੁਕਾਨਦਾਰਾਂ, ਵਾਰਡ ਵਾਸੀਆਂ ਤੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਮੱਸਿਆ ਨੂੰ ਦੇਖਦੇ ਹੋਏ ਨਾਲਿਆਂ ਦੀ ਸਫ਼ਾਈ ਤੋਂ ਬਾਅਦ ਡਿਸਪੋਜ਼ਲ ਰੋਡ ਤੋਂ ਡਰੇਨ ਨਾਨਕਸਰ ਤੱਕ ਸਫਾਈ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ ਜਿਸ ’ਤੇ 14 ਲੱਖ ਰੁਪਏ ਖਰਚ ਹੋਣੇ ਹਨ। ਇਸ ਦੇ ਨਾਲ ਦਾਣਾ ਮੰਡੀ ਵਾਰਡ ਨੰਬਰ 18 ਤੋਂ ਸ਼ੁਰੂ ਹੋ ਕੇ ਪੁਰਾਣੀ ਸਬਜ਼ੀ ਮੰਡੀ, ਕਮਲ ਚੌਕ, ਸਦਨ ਮਾਰਕੀਟ ਆਦਿ ’ਚ ਆਉਦੀ ਪਾਣੀ ਦੀ ਸਮੱਸਿਆ ਵੀ ਹੱਲ ਹੋ ਜਾਵੇਗੀ। ਵਾਰਡ ਨੰਬਰ 10,12,14 ਅਤੇ 9 ਵਿੱਚ ਆਉਂਦੇ ਨਾਲਿਆਂ ਦੀ ਸਫਾਈ ਵੀ ਕਰਵਾਈ ਜਾ ਰਹੀ ਹੈ। ਪ੍ਰਧਾਨ ਰਾਣਾ ਨੇ ਪਿਛਲੀਆਂ ਕਮੇਟੀਆਂ ਤੇ ਦੋਸ਼ ਲਾਉਂਦੇ ਆਖਿਆ ਕਿ ਉਨ੍ਹਾਂ ਨੇ ਕਦੇ ਵੀ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਿਸ ਕਾਰਨ ਇਹ ਹਾਲ ਹੋ ਗਿਆ। ਸਾਬਕਾ ਕੌਂਸਲਰ ਇਕਬਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਅਗਵਾੜ ਲੋਪੋਂ ਦੇ ਛੱਪੜ ਤੇ ਨਾਲੇ ਦੀ ਸਫਾਈ ਹੋਈ ਨੂੰ ਕੋਈ ਵੀਹ ਸਾਲ ਦਾ ਸਮਾਂ ਬੀਤ ਚੁੱਕਾ ਸੀ। ਵਾਰਡ ਨੰਬਰ 7 ਦੇ ਕੌਂਸਲਰ ਜਰਨੈਲ ਸਿੰਘ ਲੋਹਟ ਨੇ ਦੱਸਿਆ ਕਿ ਪੋਨੇ ਕੋਠੇ ਰੋਡ ਵਾਲੇ ਛੱਪੜ ਦੀ ਸਫਾਈ ਲਈ 12 ਲੱਖ ਰੁਏ ਮਨਜ਼ੂਰ ਹੋ ਗਏ ਹਨ।