ਜੋਗਿੰਦਰ ਸਿੰਘ ਓਬਰਾਏ
ਦੋਰਾਹਾ, 28 ਅਕਤੂਬਰ
ਅੱਜ ਇੱਥੇ ਕੁੱਲ ਹਿੰਦ ਕਿਸਾਨ ਫੈੱਡਰੇਸ਼ਨ ਦੀ ਸੂਬਾ ਕਮੇਟੀ ਦੀ ਮੀਟਿੰਗ ਪ੍ਰੇਮ ਸਿੰਘ ਭੰਗੂ ਦੀ ਪ੍ਰਧਾਨਗੀ ਹੇਠਾਂ ਹੋਈ। ਇਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਵੱਲੋਂ ਚਲਾਏ ਜਾ ਰਹੇ ਸੰਘਰਸ਼ ਦਾ ਸਮਰਥਨ ਕੀਤਾ ਗਿਆ। ਇਸ ਮੌਕੇ ਕਿਸਾਨ ਸੰਘਰਸ਼ ਵਿਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਤੇ ਇਕ ਮੈਂਬਰ ਨੂੰ ਨੌਕਰੀ ਦੇਣ ਦੀ ਮੰਗ ਕੀਤੀ ਗਈ।
ਇਸ ਮੌਕੇ ਕੁਲਦੀਪ ਸਿੰਘ, ਪਵਨ ਕੁਮਾਰ ਕੌਸ਼ਲ, ਇਕਬਾਲ ਸਿੰਘ ਮੰਡੌਲੀ, ਜ਼ੋਰਾ ਸਿੰਘ ਅਤੇ ਪਵਨ ਕੁਮਾਰ ਸੋਗਲਪੁਰ ਨੇ ਭਾਜਪਾ ਨੇਤਾਵਾਂ ਵੱਲੋਂ ਕਿਸਾਨੀ ਸੰਘਰਸ਼ ਨੂੰ ‘ਵਿਚੋਲਿਆਂ’ ਵੱਲੋਂ ਚਲਾਇਆ ਜਾ ਰਿਹਾ ਕਹਿਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਆਪ ਕਾਰਪੋਰੇਟ ਘਰਾਣਿਆਂ ਦੇ ਵਿਚੋਲਿਆਂ ਵਜੋਂ ਕੰਮ ਕਰ ਰਹੀ ਹੈ।
ਮੀਟਿੰਗ ਵਿਚ ਬਾਹਰਲੇ ਸੂਬਿਆਂ ਤੋਂ ਪੰਜਾਬ ਅੰਦਰ ਝੋਨਾ ਲਿਆਉਣ ’ਤੇ ਪਾਬੰਦੀ ਲਾਉਣ ਅਤੇ ਖੇਤੀ ਕਾਨੂੰਨਾਂ ਵਿਚ ਸਬੰਧਿਤ ਧਿਰਾਂ ਨਾਲ ਵਿਚਾਰ ਕਰ ਕੇ ਸੋਧਾਂ ਕਰਨ ਦੀ ਮੰਗ ਕੀਤੀ ਗਈ। ਉਪਰੋਕਤ ਆਗੂਆਂ ਨੇ ਪੰਜਾਬ ਨੂੰ ਕੋਲਾ ਤੇ ਖਾਦ ਪਹੁੰਚਾਉਣ ਵਾਲੀਆਂ ਮਾਲ ਗੱਡੀਆਂ ਬੰਦ ਕਰਨਾ ਕੇਂਦਰ ਸਰਕਾਰ ਦੀ ਕੋਝੀ ਚਾਲ ਦੱਸਦਿਆਂ ਚੇਤਾਵਨੀ ਦਿੱਤੀ ਕਿ ਇਨ੍ਹਾਂ ਚਾਲਾਂ ਦਾ ਜਵਾਬ ਦੇਣਾ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ। ਇਸ ਮੌਕੇ ਸੁਖਦੇਵ ਸਿੰਘ, ਗੁਰਦੀਪ ਸਿੰਘ ਸਰਾਲਾ, ਹਾਕਮ ਸਿੰਘ ਮਨਾਣਾ, ਗੁਚਰਨ ਸਿੰਘ ਲਾਪਰਾਂ, ਪ੍ਰੇਮ ਸਿੰਘ ਆਦਿ ਹਾਜ਼ਰ ਸਨ।