ਸਤਵਿੰਦਰ ਬਸਰਾ
ਲੁਧਿਆਣਾ, 6 ਜੂਨ
ਸਨਅਤੀ ਸ਼ਹਿਰ ਲੁਧਿਆਣਾ ਵਿੱਚ ਸ਼ਨਿਚਰਵਾਰ ਸਵੇਰ ਸਮੇਂ ਚੱਲੀ ਹਨੇਰੀ ਅਤੇ ਆਏ ਛਰਾਟੇ ਨੇ ਸਾਰਾ ਦਿਨ ਮੌਸਮ ਠੰਢਾ ਕਰੀ ਰੱਖਿਆ। ਜੇ ਮੌਸਮ ਵਿਭਾਗ ਦੇ ਮਾਹਿਰਾਂ ਦੀ ਮੰਨੀਏ ਤਾਂ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਜੂਨ ਮਹੀਨੇ ਦਾ ਤਾਪਮਾਨ ਵੀ ਪਹਿਲਾਂ ਦੇ ਮੁਕਾਬਲੇ 10-11 ਡਿਗਰੀ ਸੈਲਸੀਅਸ ਤੱਕ ਘਟ ਰਿਹਾ। ਅੱਜ ਲੁਧਿਆਣਾ ਵਿੱਚ ਸਵੇਰ ਸਮੇਂ 0.4 ਐੱਮਐੱਮ ਮੀਂਹ ਪਿਆ। ਗਰਮੀਆਂ ਵਿੱਚ ਮਈ ਅਤੇ ਜੂਨ ਦੇ ਮਹੀਨੇ ਵਿੱਚ ਭੱਠੀ ਵਾਂਗੂੰ ਤਪਣ ਵਾਲ਼ਾ ਲੁਧਿਆਣਾ ਸ਼ਹਿਰ ਇਸ ਸਾਲ ਕਾਫੀ ਠੰਢਾ ਰਿਹਾ। ਮਈ ਮਹੀਨੇ ਪਈ ਕੁਝ ਗਰਮੀ ਤੋਂ ਬਾਅਦ ਜੂਨ ਮਹੀਨੇ ਦੇ ਹੋਰ ਗਰਮ ਹੋਣ ਦਾ ਡਰ ਪ੍ਰਗਟਾਇਆ ਜਾ ਰਿਹਾ ਸੀ ਪਰ ਉਪਰੋਂ-ਥਲੀ ਆਏ ਮੀਹ ਨੇ ਲੁਧਿਆਣਾ ਦਾ ਪਾਰਾ ਔਸਤਨ 30-35 ਡਿਗਰੀ ਸੈਲਸੀਅਸ ਤੋਂ ਵਧਣ ਨਹੀਂ ਦਿੱਤਾ। ਪੀਏਯੂ ਦੇ ਮੌਸਮ ਵਿਭਾਗ ਦੀ ਮਾਹਿਰ ਡਾ. ਕੇਕੇ ਗਿੱਲ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੌਰਾਨ ਜੂਨ ਮਹੀਨੇ ਦਾ ਤਾਪਮਾਨ 45-46 ਡਿਗਰੀ ਸੈਲਸੀਅਸ ਤਕ ਪਹੁੰਚ ਜਾਂਦਾ ਸੀ ਜੋ ਇਸ ਵਾਰ ਬਹੁਤ ਘੱਟ ਰਿਹਾ ਹੈ। ਸ਼ੁੱਕਰਵਾਰ ਜਿਹੜਾ ਤਾਪਮਾਨ 34 ਦੇ ਕਰੀਬ ਸੀ ਅੱਜ ਘੱਟ ਕੇ 29.2 ਡਿਗਰੀ ਸੈਲਸੀਅਸ ਤਕ ਹੇਠਾਂ ਡਿੱਗ ਗਿਆ। ਉਨ੍ਹਾਂ ਦੱਸਿਆ ਕਿ ਅਜਿਹਾ ਮੌਸਮ ਅਗੇਤਾ ਝੋਨਾ ਲਾਉਣ ਵਾਲਿਆ ਲਈ ਕੁੱਝ ਨੁਕਸਾਨ ਵਾਲਾ ਹੋ ਸਕਦਾ ਹੈ ਪਰ ਜਿਨ੍ਹਾਂ ਕਿਸਾਨਾਂ ਨੇ ਮਾਹਿਰਾਂ ਦੀਆਂ ਸਿਫਾਰਸ਼ਾਂ ਅਨੁਸਾਰ ਢੁਕਵੇਂ ਸਮੇਂ ਅਨੁਸਾਰ ਝੋਨੇ ਦੀ ਬਿਜਾਈ ਕੀਤੀ ਹੈ ਉਨ੍ਹਾਂ ਲਈ ਇਸ ਦਾ ਕੋਈ ਨੁਕਸਾਨ ਨਹੀਂ ਹੈ।
ਡਾ. ਗਿੱਲ ਨੇ ਕਿਹਾ ਕੇ ਐਤਵਾਰ ਤਕ ਬੱਦਲਵਾਈ ਰਹੇਗੀ ਜਦਕਿ ਉਸ ਤੋਂ ਬਾਅਦ 4-5 ਦਿਨ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ ਜਿਸ ਕਰਕੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਸਮਾਂ ਮਿਲ ਜਾਵੇਗਾ। ਦੂਜੇ ਪਾਸੇ ਮੀਂਹ ਤੋਂ ਬਾਅਦ ਬਣੇ ਸੋਹਣੇ ਮੌਸਮ ਨੇ ਲੁਧਿਆਣਵੀਆਂ ਦੇ ਚਿਹਰਿਆਂ ’ਤੇ ਰੌਣਕ ਲਿਆ ਦਿੱਤੀ ਹੈ। ਕਈ ਲੋਕਾਂ ਦਾ ਕਹਿਣਾ ਸੀ ਕਿ ਉਹ ਗਰਮੀਆਂ ਦੇ ਇਸ ਮਹੀਨੇ ਠੰਢੇ ਇਲਾਕਿਆਂ ਵਿਚ ਛੁੱਟੀਆਂ ਬਿਤਾਉਣ ਜਾਂਦੇ ਸਨ ਪਰ ਇਸ ਵਾਰ ਕਰੋਨਾਵਾਇਰਸ ਕਰਕੇ ਭਾਵੇਂ ਉਹ ਕਿਤੇ ਜਾ ਨਹੀਂ ਸਕੇ ਪਰ ਹੁਣ ਕੁਦਰਤ ਵੱਲੋਂ ਉਨ੍ਹਾਂ ਨੂੰ ਇਥੇ ਹੀ ਸੁਹਾਵਣੇ ਮੌਸਮ ਦੇ ਦੀਦਾਰ ਕਰਵਾ ਦਿੱਤੇ ਹਨ। ਗਰਮੀ ਘੱਟ ਹੋਣ ਨਾਲ ਫਰਿੱਜ, ਕੂਲਰ, ਪੱਖਿਆਂ ਆਦਿ ਦੀ ਵਿਕਰੀ ਵੀ ਪ੍ਰਭਾਵਿਤ ਹੋਈ ਹੈ।