ਗਗਨਦੀਪ ਅਰੋੜਾ
ਲੁਧਿਆਣਾ, 18 ਜੁਲਾਈ
ਇੱਕ ਵਾਰ ਫਿਰ ਮੀਂਹ ਕਾਰਨ ਅੱਜ ਸਮਾਰਟ ਸਿਟੀ ਲੁਧਿਆਣਾ ਪਾਣੀ ਵਿੱਚ ਡੁੱਬ ਗਿਆ। ਸਾਉਣ ਦੇ ਮਹੀਨੇ ਦੀ ਅੱਜ ਪਹਿਲੀ ਝੜੀ ਸੀ, ਸਵੇਰੇ ਸ਼ੁਰੂ ਹੋਇਆ ਮੀਂਹ ਕਈ ਥਾਵਾਂ ’ਤੇ ਕਾਫ਼ੀ ਚਿਰ ਪਿਆ ਤੇ ਕੁੱਝ ਥਾਵਾਂ ਅਜਿਹੀਆਂ ਸੀ, ਜਿੱਥੇ ਮੀਂਹ 20 ਤੋਂ 25 ਮਿੰਟ ਪੈ ਕੇ ਰੁੱਕ ਗਿਆ। ਸਵੇਰ ਦਾ ਸਮਾਂ ਹੋਣ ਕਾਰਨ ਕੰਮਕਾਜ ’ਤੇ ਜਾਣ ਵਿੱਚ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਇਆ। ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸ਼ਹਿਰ ਦੇ ਹਰ ਇਲਾਕੇ ਵਿੱਚ ਟਰੈਫ਼ਿਕ ਜਾਮ ਹੋ ਗਿਆ। ਅੱਜ ਖਾਸ ਗੱਲ ਇਹ ਰਹੀ ਕਿ ਮੀਂਹ ਦੌਰਾਨ ਸ਼ਹਿਰ ਵਿਚ ਕਈ ਥਾਵਾਂ ’ਤੇ ਪਾਣੀ ਖੜ੍ਹਾ ਸੀ, ਪਰ ਜਦੋਂ ਮੀਂਹ ਰੁੱਕਿਆ ਤਾਂ ਪਾਣੀ ਵੀ ਆਪੇ ਥੱਲੇ ਆ ਗਿਆ। ਮੌਸਮ ਵਿਭਾਗ ਦੇ ਮੁਤਾਬਕ ਅਗਲੇ ਇੱਕ ਦੋ ਦਿਨ ਅਜਿਹਾ ਹੀ ਮੌਸਮ ਰਹੇਗਾ। ਦਰਅਸਲ, ਸਨਅਤੀ ਸ਼ਹਿਰ ਵਿੱਚ ਸ਼ਨਿੱਚਰਵਾਰ ਨੂੰ ਸਾਉਣ ਮਹੀਨੇ ਦਾ ਪਹਿਲਾਂ ਮੀਂਹ ਸ਼ੁਰੂ ਹੋਇਆ ਹੈ। ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਪਾਣੀ ਕਾਰਨ ਸਭ ਤੋਂ ਵੱਧ ਪ੍ਰੇਸ਼ਾਨ ਦੋਮੋਰਿਆ ਪੁਲ, ਟਰਾਂਸਪੋਰਟ ਨਗਰ, ਪੁਰਾਣੀ ਜੀਟੀ ਰੋਡ, ਰਾਹੋਂ ਰੋਡ, ਬਸਤੀ ਜੋਧੇਵਾਲ, ਗਿੱਲ ਰੋਡ ਤੇ ਢੋਲੇਵਾਲ ਇਲਾਕੇ ਦੇ ਲੋਕ ਰਹੇ।ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਊਹ ਕਈ ਘੰਟਿਆਂ ਤੱਕ ਆਪਣੇ ਘਰਾਂ ਦੇ ਅੰਦਰ ਹੀ ਬੰਦ ਰਹੇ।
ਨੈਸ਼ਨਲ ਹਾਈਵੇਅ ਤੇ ਫਿਰੋਜ਼ਪੁਰ ਰੋਡ ’ਤੇ ਫਿਰ ਹੋਏ ਲੋਕ ਪ੍ਰੇਸ਼ਾਨ
ਨੈਸ਼ਨਲ ਹਾਈਵੇ ਤੇ ਫਿਰੋਜ਼ਪੁਰ ਰੋਡ ’ਤੇ ਇਸ ਵਾਰ ਲੋਕ ਫਿਰ ਪ੍ਰੇਸ਼ਾਨ ਹੋਏ। ਮੀਂਹ ਕਾਰਨ ਇੱਥੇ ਪਾਣੀ ਖੜ੍ਹਾ ਹੋ ਗਿਆ ਤੇ ਲੋਕ ਜਾਮ ਵਿੱਚ ਫਸ ਗਏ। ਦੋਵੇਂ ਪਾਸੇ ਸੜਕਾਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਦੋਵਾਂ ਹੀ ਇਲਾਕਿਆਂ ਵਿੱਚ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ। ਇਸ ਕਾਰਨ ਫਿਰੋਜ਼ਪੁਰ ਰੋਡ ਤੇ ਨੈਸ਼ਨਲ ਹਾਈਵੇ ਦੀਆਂ ਸੜਕਾਂ ’ਤੇ ਪਾਣੀ ਖੜ੍ਹਾ ਹੋ ਗਿਆ। ਪਾਣੀ ਖੜ੍ਹਾ ਹੋਣ ਕਾਰਨ ਉਥੋਂ ਲੰਘਣ ਵਾਲੇ ਲੋਕਾਂ ਦੇ ਵਾਹਨਾਂ ਦੀ ਸਪੀਡ ਅੱਧੀ ਹੋ ਗਈ ਤੇ ਕਈ ਥਾਵਾਂ ’ਤੇ ਮੀਂਹ ਦੌਰਾਨ ਟਰੈਫ਼ਿਕ ਜਾਮ ਲੱਗਿਆ ਰਿਹਾ।