ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 13 ਅਕਤੂਬਰ
ਪੰਜਾਬ ਵਿੱਚ ਸਭ ਤੋਂ ਵਧੇਰੇ ਮੂੰਗੀ ਦੀ ਖਰੀਦ ਜਗਰਾਉਂ ਅਨਾਜ ਮੰਡੀ ’ਚ ਹੋਈ ਸੀ। ਉਸ ਸਮੇਂ ਕਿਸਾਨ ਘੱਟੋ-ਘੱਟ ਸਮੱਰਥਨ ਮੁੱਲ ਤੋਂ ਕਾਫੀ ਸਸਤੇ ਭਾਅ ਮੂੰਗੀ ਵੇਚਣ ਲਈ ਮਜਬੂਰ ਸਨ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਘੱਟ ਭਾਅ ’ਤੇ ਵਿਕਣ ਵਾਲੀ ਮੂੰਗੀ ਉੱਤੇ ਇਕ ਹਜ਼ਾਰ ਰੁਪਏ ਦੀ ਵਾਧੂ ਰਾਸ਼ੀ ਪੰਜਾਬ ਸਰਕਾਰ ਵੱਲੋਂ ਦੇਣ ਦਾ ਐਲਾਨ ਕੀਤਾ ਸੀ। ਲੰਘੀ 10 ਅਗਸਤ ਤੱਕ ਜਿਹੜੇ ਮੂੰਗੀ ਕਾਸ਼ਤਕਾਰਾਂ ਨੇ ਜਗਰਾਉਂ ਮੰਡੀ ਵਿੱਚ ਮੂੰਗੀ ਵੇਚੀ ਸੀ, ਉਨ੍ਹਾਂ ਵਿੱਚੋਂ 5592 ਕਿਸਾਨਾਂ ਦੇ ਖਾਤਿਆਂ ਵਿੱਚ ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਦੀ ਰਕਮ ਪਾ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਮੂੰਗੀ ਕਾਸ਼ਤਕਾਰਾਂ ਦੇ ਖਾਤਿਆਂ ਵਿੱਚ ਪੰਜਾਬ ਸਰਕਾਰ ਵੱਲੋਂ 12 ਕਰੋੜ 81 ਲੱਖ ਦੀ ਰਕਮ ਜਾਰੀ ਕਰ ਦਿੱਤੀ ਗਈ ਹੈ। ਮੰਡੀ ਬੋਰਡ ਦੇ ਅਧਿਕਾਰੀ ਗੁਰਮਤਪਾਲ ਸਿੰਘ ਨੇ ਦੱਸਿਆ ਕਿ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਦੇ ਯਤਨਾਂ ਸਦਕਾ ਕਿਸਾਨਾਂ ਦੀ ਇਹ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ।
ਮੱਕੀ ਸੁਕਾਉਣ ਵਾਲਾ ਯੂਨਿਟ ਸਥਾਪਤ ਕਰਾਂਗੇ: ਮਾਣੂੰਕੇ
ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਬਾਕੀ ਕਿਸਾਨਾਂ ਦੀ ਰਕਮ ਵੀ ਜਲਦੀ ਜਾਰੀ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਏਸ਼ੀਆ ਦੀ ਦੂਜੀ ਸਭ ਤੋਂ ਵੱਡੀ ਮੰਡੀ ਜਗਰਾਉਂ ਵਿੱਚ ਮੂੰਗੀ ਕਾਸ਼ਤਕਾਰਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਉਹ ਜਗਰਾਉਂ ਮੰਡੀ ਵਿੱਚ ਮੱਕੀ ਸੁਕਾਉਣ ਵਾਲਾ ਯੂਨਿਟ ਸਥਾਪਤ ਕਰਵਾਉਣ ਲਈ ਯਤਨਸ਼ੀਲ ਹਨ। ਉਨ੍ਹਾਂ ਦੀ ਇਸ ਮੰਗ ਨੂੰ ਖੇਤੀਬਾੜੀ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਪ੍ਰਵਾਨ ਵੀ ਕਰ ਲਿਆ ਗਿਆ ਹੈ।