ਗੁਰਿੰਦਰ ਸਿੰਘ
ਲੁਧਿਆਣਾ, 25 ਮਾਰਚ
ਸ਼੍ਰੋਮਣੀ ਅਕਾਲੀ ਦਲ ਨੇ ਓਪੀਨੀਅਨ ਪੋਲ ਵਿੱਚ ਘਪਲੇਬਾਜ਼ੀ ਕਰਨ ਦੇ ਦੋਸ਼ ਤਹਿਤ ਸੀ ਵੋਟਰ ਏਜੰਸੀ, ਏਬੀਪੀ ਚੈਨਲ, ਅਰਵਿੰਦ ਕੇਜਰੀਵਾਲ ਕਨਵੀਨਰ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਖ਼ਿਲਾਫ਼ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਇਕ ਵਫ਼ਦ ਨੇ ਪੁਲੀਸ ਕਮਿਸ਼ਨਰ ਨੂੰ ਸ਼ਿਕਾਇਤ ਦੇ ਕੇ ਉਕਤ ਵਿਅਕਤੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਵਫ਼ਦ ਵਿੱਚ ਹਰੀਸ਼ ਰਾਏ ਢਾਂਡਾ, ਗੁਰਦੀਪ ਸਿੰਘ ਗੋਸ਼ਾ ਪ੍ਰਧਾਨ, ਹਰਭਜਨ ਸਿੰਘ ਡੰਗ ਸਾਬਕਾ ਪ੍ਰਧਾਨ, ਜਗਬੀਰ ਸਿੰਘ ਸੋਖੀ, ਇੰਦਰਜੀਤ ਸਿੰਘ ਗਿੱਲ ਸਾਬਕਾ ਕੌਂਸਲਰ, ਜੀਵਨ ਧਵਨ, ਇਕਬਾਲ ਸਿੰਘ ਗਿੱਲ, ਗੁਰਿੰਦਰਪਾਲ ਸਿੰਘ ਪੱਪੂ, ਭੁਪਿੰਦਰ ਸਿੰਘ ਭਿੰਦਾ ਆਦਿ ਸ਼ਾਮਲ ਸਨ। ਇਸ ਮੌਕੇ ਹਰੀਸ਼ ਰਾਏ ਢਾਂਡਾ ਨੇ ਕਿਹਾ ਕਿ ਸੀ ਵੋਟਰ ਏਜੰਸੀ ਨੇ ਕੀਤੇ ਓਪੀਨੀਅਨ ਪੋਲ ਵਿੱਚ ਇੱਕ ਸਿਆਸੀ ਪਾਰਟੀ ਨੂੰ ਫ਼ਾਇਦਾ ਦੇਣ ਲਈ ਗ਼ਲਤ ਸਰਵੇਖਣ ਦਿਖਾ ਕੇ ਘਪਲੇਬਾਜ਼ੀ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਸਾਰੇ ਮਾਮਲੇ ਦੀ ਜਾਂਚ ਕਰਕੇ ਐੱਫਆਈਆਰ ਦਰਜ ਕੀਤੀ ਜਾਵੇ ਤਾਂ ਜੋ ਇਸ ਤਰ੍ਹਾਂ ਦੇ ਅਨੈਤਿਕ ਵਿਵਹਾਰ ਨੂੰ ਰੋਕਿਆ ਜਾ ਸਕੇ ਅਤੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾ ਸਕੇ। ਗੁਰਦੀਪ ਸਿੰਘ ਗੋਸ਼ਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਏਜੰਸੀਆਂ ਦੇ ਅਜਿਹੇ ਪ੍ਰਚਾਰ ਵਿੱਚ ਵਿਸ਼ਵਾਸ ਨਾ ਕਰਨ।