ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 1 ਫਰਵਰੀ
ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਮੀਟਿੰਗ ਦੌਰਾਨ ਧਾਰਾ 295 ਅਤੇ 295-ਏ ਦੀ ਦੁਰਵਰਤੋਂ ਦੇ ਦੋਸ਼ ਲਾਉਂਦੇ ਹੋਏ ਇਸ ਨੂੰ ਰੋਕਣ ‘ਤੇ ਜ਼ੋਰ ਦਿੱਤਾ ਗਿਆ। ਯੂਨੀਅਨ ਦੇ ਸੂਬਾ ਸਕੱਤਰ ਸੰਤੋਖ ਗਿੱਲ ਨੇ ਪੱਤਰਕਾਰਾਂ, ਬੁੱਧੀਜੀਵੀਆਂ ਅਤੇ ਸਮਾਜਿਕ ਕਾਰਕੁਨਾਂ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 295 ਅਤੇ 295-ਏ ਦੀ ਦੁਰਵਰਤੋਂ ਦੀ ਜ਼ੋਰਦਾਰ ਨਿੰਦਾ ਕਰਦਿਆਂ ਪ੍ਰਗਟਾਵੇ ਦੀ ਆਜ਼ਾਦੀ ਦੀ ਰਾਖੀ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਮੀਟਿੰਗ ‘ਚ ਸਰਬਸੰਮਤੀ ਨਾਲ ਪ੍ਰਵਾਨਤ ਇਕ ਮਤੇ ਰਾਹੀਂ ਪੰਜਾਬ ‘ਚ ਵੱਖ-ਵੱਖ ਥਾਵਾਂ ਉੱਪਰ ਬਦਲਾ ਲਊ ਢੰਗ ਨਾਲ ਪੱਤਰਕਾਰਾਂ ਖ਼ਿਲਾਫ਼ ਦਰਜ ਕੀਤੇ ਝੂਠੇ ਮੁਕੱਦਮੇ ਅਤੇ ਪੁਲੀਸ ਤਸ਼ੱਦਦ ਦੀ ਵੀ ਨਿੰਦਾ ਕੀਤੀ ਗਈ। ਉਨ੍ਹਾਂ ਵਿਰੋਧ ਦੀ ਅਵਾਜ਼ ਨੂੰ ਦਬਾਉਣ ਲਈ ਮੀਡੀਆ ਉੱਪਰ ਤੇਜ਼ ਕੀਤੇ ਜਾ ਰਹੇ ਹਮਲਿਆਂ ’ਤੇ ਚਿੰਤਾ ਪ੍ਰਗਟ ਕੀਤੀ। ਸੀਨੀਅਰ ਪੱਤਰਕਾਰ ਬਲਵਿੰਦਰ ਸਿੰਘ ਲਿੱਤਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਕੰਵਰਪਾਲ ਸਿੰਘ ਆਹਲੂਵਾਲੀਆ, ਦਲਵਿੰਦਰ ਸਿੰਘ ਰਛੀਨ, ਅਮਰਜੀਤ ਸਿੰਘ ਧੰਜਲ, ਗੁਰਚਰਨ ਸਿੰਘ ਹੂੰਝਣ, ਹਰਪ੍ਰੀਤ ਸਿੰਘ ਸਿੱਧੂ, ਜਗਪਾਲ ਸਿੰਘ ਸਿਬੀਆ ਅਤੇ ਜਗਰੂਪ ਸਿੰਘ ਗਰੇਵਾਲ ਨੇ ਵੀ ਭਾਗ ਲਿਆ ਤੇ ਪੱਤਰਕਾਰਾਂ ਦੇ ਮਸਲੇ ਪਹਿਲ ਦੇ ਆਧਾਰ ’ਤੇ ਹੱਲ ਕਰਨ ਦੀ ਮੰਗ ਕੀਤੀ।