ਖੇਤਰੀ ਪ੍ਰਤੀਨਿਧ
ਲੁਧਿਆਣਾ, 7 ਅਪਰੈਲ
ਚੋਣਕਾਰ ਰਜਿਸਟ੍ਰੇਸ਼ਨ ਅਫਸਰ ਦੇ ਦਫ਼ਤਰ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰਾਂ, ਸਕੂਲ ਮੁਖੀਆਂ ਨੂੰ ਇੱਕ ਪੱਤਰ ਜਾਰੀ ਕਰਕੇ ਡੀ.ਐੱਸ.ਈ ਅਤੇ ਫਾਰਮਾਂ ਦੀ ਵੈਰੀਫਿਕੇਸ਼ਨ ਸਬੰਧੀ ਟੈਲੀਫੋਨ ਸੰਦੇਸ਼ ਰਾਹੀਂ ਕਿਸੇ ਵੀ ਸਮੇਂ ਬੁਲਾਉਣ ਦੇ ਨਿਰਦੇਸ਼ਾਂ ਨੇ ਅਧਿਆਪਕਾਂ ਨੂੰ ਫਿਰ ਤੋਂ ਦੁਚਿੱਤੀ ਵਿੱਚ ਪਾ ਦਿੱਤਾ ਹੈ। ਅਧਿਆਪਕ ਜਥੇਬੰਦੀਆਂ ਦਾ ਕਹਿਣਾ ਹੈ ਕਿ ਇੱਕ ਪਾਸੇ ਸਰਕਾਰ ਵੱਲੋਂ ਅਧਿਆਪਕਾਂ ਤੋਂ ਸਿਰਫ ਪੜ੍ਹਾਈ ਕਰਵਾਉਣ ਦਾ ਹੀ ਕੰਮ ਲੈਣ ਦੇ ਦਾਅਵੇ ਕੀਤੇ ਜਾ ਰਹੇ ਹਨ, ਜਦਕਿ ਦੂਜੇ ਪਾਸੇ ਸਕੂਲਾਂ ਵਿੱਚ ਅਜਿਹੇ ਪੱਤਰ ਆ ਰਹੇ ਹਨ। ਇਸ ਪੱਤਰ ਰਾਹੀਂ ਡੀਈਓਜ਼ ਅਤੇ ਸਕੂਲ ਮੁਖੀਆਂ ਨੂੰ ਦੱਸਿਆ ਗਿਆ ਹੈ ਕਿ ਮੁੱਖ ਚੋਣ ਅਫਸਰ ਪੰਜਾਬ ਵੱਲੋਂ ਵੋਟਾਂ ਸਬੱਧੀ ਫਾਰਮਾਂ ਦੀ ਪ੍ਰੋਸੈਸਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਲਈ ਬੂਥ ਲੈਵਲ ਅਫਸਰ ਵਲੋਂ ਘਰ-ਘਰ ਜਾ ਕਿ ਸ਼ਨਾਖਤ ਕਰਕੇ ਵੋਟ ਕੱਟੀ ਜਾਂ ਬਣਾਈ ਜਾ ਸਕਦੀ ਹੈ। ਇਨ੍ਹਾਂ ਮੁਲਾਜ਼ਮਾਂ ਨੂੰ ਕਿਸੇ ਵੀ ਸਮੇਂ ਦਫਤਰ ਵੱਲੋਂ ਟੈਲੀਫੋਨ ਸੰਦੇਸ਼ ਰਾਹੀਂ ਇਸ ਦਫਤਰ ਵਿੱਚ ਚੋਣਾਂ ਸਬੰਧੀ ਕੰਮ/ਮੀਟਿੰਗ ’ਤੇ ਬੁਲਾਇਆ ਜਾ ਸਕਦਾ ਹੈ। ਦੂਜੇ ਪਾਸੇ ਡੀਈਓ ਐਲੀਮੈਂਟਰੀ ਨੇ ਵੀ ਬੀਪੀਈਓਜ਼ ਨੂੰ ਉਕਤ ਪੱਤਰ ਦੀ ਇੰਨ-ਬਿੰਨ ਪਾਲਣਾ ਕਰਨ ਦੇ ਹੁਕਮ ਦਿੱਤੇ ਹਨ ਪਰ ਅਧਿਆਪਕ ਜਥੇਬੰਦੀਆਂ ਨੇ ਇਸ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ।