ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 17 ਸਤੰਬਰ
ਸ਼੍ਰੋਮਣੀ ਕਮੇਟੀ ਦੇ ਛਪਾਈ ਵਿਭਾਗ ਦੀ ਕਥਿਤ ਅਣਗਹਿਲੀ ਨਾਲ ਗੁਰੁੂ ਗ੍ਰੰਥ ਸਾਹਿਬ ਦੇ ਗਾਇਬ ਹੋਏ ਸਰੂਪਾਂ ਦੇ ਮਾਮਲੇ ’ਚ ਸ਼ਾਂਤਮਈ ਰੋਸ ਪ੍ਰਦਰਸ਼ਨ ਰਾਹੀਂ ਦੋਸ਼ੀਆਂ ਨੂੰ ਸੰਗਤ ਦੇ ਕਟਾਹਿਰੇ ’ਚ ਖੜ੍ਹੇ ਕਰਨ ਦੀ ਮੰਗ ਕਰ ਰਹੀਆਂ ਸਿੱਖ ਜਥੇਬੰਦੀਆਂ ਅਤੇ ਕਵਰੇਜ ਲਈ ਗਏ ਪੱਤਰਕਾਰਾਂ ਉਪਰ ਦਰਬਾਰ ਸਾਹਿਬ ਦੀ ਟਾਸਕ ਫੋਰਸ ਵੱਲੋਂ ਅਣਮਨੁੱਖੀ ਤਸ਼ੱਦਦ ਢਾਹੁਣ ਦਾ ਸਿੱਖ ਸੰਗਤਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ । ਵੱਖ-ਵੱਖ ਸਿੱਖ ਸਗੰਠਨਾਂ ਨਾਲ ਜੁੜੇ ਸਿੱਖ ਆਗੂਆਂ ਜਥੇਦਾਰ ਦਲੀਪ ਸਿੰਘ ਚੱਕਰ, ਬੂਟਾ ਸਿੰਘ ਮਲਕ, ਪ੍ਰੈਸ ਕਲੱਬ ਤੋਂ ਹਰਵਿੰਦਰ ਸਿੰਘ ਸੱਗੂ, ਚਰਨਜੀਤ ਸਰਨਾ, ਮਨਦੀਪ ਸਿੰਘ, ਭੁਪਿੰਦਰ ਸਿੰਘ, ਸੁਰਜੀਤ ਸਿੰਘ ਸਮੇਤ ਦੋ ਦਰਜਨ ਕਾਰਕੁਨਾ ਨੇ ਸ਼ਾਂਤੀ ਦੇ ਘਰ ਦਰਬਾਰ ਸਾਹਿਬ ’ਚ ਗੁੰਡਿਆਂ ਵਾਂਗ ਨਿਹੰਗ ਸਿੰਘਾਂ ਅਤੇ ਪੱਤਰਕਾਰਾਂ ਦੀ ਕੀਤੀ ਕੁੱਟਮਾਰ ਨੂੰ ਅਣਮਨੁੱਖੀ ਵਰਤਾਰਾ ਕਰਾਰ ਦਿੰਦੇ ਹੋਏ ਟਾਸਕ ਫੋਰਸ ਭੰਗ ਕਰਨ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਸਿੱਖ ਸੰਗਠਨਾਂ ਨੇ ਮੰਗ ਕੀਤੀ ਕਿ ਟਾਸਕ ਫੋਰਸ ਨੂੰ ਭੰਗ ਕਰਨ ਬਾਰੇ ਜਥੇਦਾਰ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਨੂੰ ਜਲਦੀ ਫੈਸਲਾ ਲੈਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਗੁਰੂਘਰ ’ਚ ਟਾਸਕ ਫੋਰਸ ਲਈ ਕੋਈ ਥਾਂ ਨਹੀਂ ਹੈ।