ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 8 ਸਤੰਬਰ
ਸਨਅਤੀ ਸ਼ਹਿਰ ਵਿੱਚ ਦੇਰ ਰਾਤ ਨੂੰ ਥਾਣਾ ਡਿਵੀਜ਼ਨ ਨੰਬਰ 3 ਦੇ ਬਾਹਰ ਹਾਈ ਵੋਲਟੇਜ ਡਰਾਮਾ ਹੋਇਆ। ਗੋਲੀ ਚਲਾਉਣ ਦੇ ਕੇਸ ਵਿੱਚ ਇੱਥੇ ਕੁੱਝ ਲੋਕ ਧਰਨਾ ਦੇ ਰਹੇ ਸਨ, ਜਿਨ੍ਹਾਂ ਦੀ ਪੁਲੀਸ ਨਾਲ ਤਿੱਖੀ ਤਕਰਾਰ ਹੋ ਗਈ। ਇਸ ਤੋਂ ਬਾਅਦ ਮਾਮਲਾ ਹੱਥੋਪਾਈ ਤੱਕ ਵੱਧ ਗਿਆ। ਜਦੋਂ ਇੱਥੇ ਕਵਰੇਜ ਕਰਨ ਲਈ ਪੱਤਰਕਾਰ ਪੁੱਜੇ ਤਾਂ ਪੁਲੀਸ ਨੇ ਉਨ੍ਹਾਂ ਨੂੰ ਧੱਕੇ ਮਾਰੇ। ਇਸ ਤੋਂ ਬਾਅਦ ਦੇਰ ਰਾਤ ਤੱਕ ਥਾਣੇ ਵਿੱਚ ਹੀ ਪੁਲੀਸ ਦੇ ਕਈ ਉਚ ਅਧਿਕਾਰੀ ਮੌਜੂਦ ਰਹੇ।
ਜ਼ਿਕਰਯੋਗ ਹੈ ਕਿ ਇੱਕ ਦਿਨ ਪਹਿਲਾਂ ਗੈਂਗਸਟਰ ਵਿਸ਼ਾਲ ਗਿੱਲ ਵੱਲੋਂ ਪੁਰਾਣੀ ਰੰਜਿਸ਼ ਦੇ ਚੱਲਦੇ ਨੌਜਵਾਨ ਰਾਜਾ ਬਜਾਜ ਅਤੇ ਉਸ ਦੇ ਦੋਸਤ ’ਤੇ ਗੋਲੀਆਂ ਚਲਾਈਆਂ ਗਈਆਂ ਸਨ। ਗੋਲੀਆਂ ਚਲਾਉਣ ਦੀ ਵਜ੍ਹਾ ਕੋਈ ਪੁਰਾਣੀ ਰੰਜਿਸ਼ ਸੀ। ਇਸ ਮਾਮਲੇ ’ਚ ਦੁਪਹਿਰ ਨੂੰ ਰਾਜਾ ਬਜਾਜ ਆਪਣੀ ਸ਼ਿਕਾਇਤ ਦੇਣ ਥਾਣਾ ਡਿਵੀਜ਼ਨ ਨੰ. 3 ’ਚ ਗਿਆ ਸੀ। ਪੁਲੀਸ ਨੇ ਦੇਰ ਰਾਤ ਤੱਕ ਉਸ ਨੂੰ ਥਾਣੇ ’ਚ ਹੀ ਬਿਠਾਈ ਰੱਖਿਆ। ਇਸ ਗੱਲ ਦਾ ਵਿਰੋਧ ਕਰਦੇ ਹੋਏ ਰਾਜਾ ਬਜਾਜ ਦੇ ਪਰਿਵਾਰ ਵਾਲਿਆਂ ਤੇ ਹੋਰ ਲੋਕ ਥਾਣਾ ਡਿਵੀਜ਼ਨ ਨੰਬਰ 3 ਦੇ ਬਾਹਰ ਇਕੱਠੇ ਹੋ ਗਏ। ਉਨ੍ਹਾ ਥਾਣੇ ਦੇ ਬਾਹਰ ਐੱਸਐੱਚਓ ਸੁਖਦੇਵ ਸਿੰਘ ਬਰਾੜ ਦੇ ਖਿਲਾਫ਼ ਪ੍ਰਦਰਸ਼ਨ ਕੀਤਾ। ਪਰਿਵਾਰ ਦਾ ਦੋਸ਼ ਸੀ ਕਿ ਰਾਜਾ ਨੂੰ ਬਿਨ੍ਹਾਂ ਵਜ੍ਹਾ ਥਾਣੇ ਵਿੱਚ ਬਿਠਾਇਆ ਗਿਆ ਹੈ, ਜਦੋਂ ਕਿ ਉਹ ਸ਼ਿਕਾਇਤਕਰਤਾ ਹੈ। ਇਸ ਵਿੱਚ ਥਾਣਾ ਐੱਸਐੱਚਓ ਸੁਖਦੇਵ ਸਿੰਘ ਬਰਾੜ ਆਪਣੇ ਗੰਨਮੈਨ ਜੋ ਸਿਵਲ ਕੱਪੜਿਆਂ ’ਚ ਸੀ, ਦੇ ਨਾਲ ਮੌਕੇ ’ਤੇ ਪੁੱਜੇ। ਆਉਂਦਿਆਂ ਹੀ ਐੱਸਐੱਚਓ ਸ੍ਰੀ ਬਰਾੜ ਨੇ ਆਪਣੀ ਤਲਖੀ ਭਰੇ ਤੇਵਰ ਦਿਖਾਉਂਦੇ ਹੋਏ ਧਰਨਾਕਾਰੀਆਂ ਨੂੰ ਕਿਹਾ ਕਿ ਉਨ੍ਹਾਂ ਨੇ ਰਾਜਾ ਖਿਲਾਫ਼ 307 ਦਾ ਕੇਸ ਦਰਜ ਕੀਤਾ ਹੈ, ਕਿਉਂਕਿ ਜਦੋਂ ਗੋਲੀਆਂ ਚੱਲੀਆਂ ਤਾਂ ਰਾਜਾ ਵੱਲੋਂ ਵੀ ਹਮਲਾ ਹੋਇਆ ਹੈ।
ਇਸ ਵਿੱਚ ਜਦੋਂ ਰਾਜਾ ਦੇ ਪਰਿਵਾਰ ਵਾਲਿਆਂ ਦੇ ਨਾਲ ਆਏ ਉਨ੍ਹਾਂ ਦੇ ਵਕੀਲ ਨੇ ਐੱਸਐੱਚਓ ਬਰਾੜ ਤੋਂ ਪੁੱਛਿਆ ਕਿ ਪੁਲੀਸ ਨੇ ਉਨ੍ਹਾਂ ਨੂੰ ਬਿਨਾਂ ਸੂਚਿਤ ਕੀਤੇ ਕੇਸ ਦਰਜ ਕਰਕੇ ਰਾਜਾ ਨੂੰ ਥਾਣਾ ’ਚ ਬਿਠਾ ਲਿਆ, ਜਦੋਂ ਕਿ ਇਹ ਗਲਤ ਹੈ। ਇਸ ਮੌਕੇ ਪੱਤਰਕਾਰਾਂ ਨੇ ਐੱਸਐੱਚਓ ਤੋਂ ਇਸ ਸਬੰਧੀ ਸਵਾਲ ਪੁੱਛਿਆ ਤਾਂ ਐੱਸਐੱਚਓ ਤੇ ਉਸ ਦੇ ਗੰਨਮੈਨ ਨੇ ਜਿੱਥੇ ਧਰਨਾਕਾਰੀਆਂ ਨੂੰ ਮੌਕੇ ਤੋਂ ਭਜਾਉਣਾ ਸ਼ੁਰੂ ਕਰ ਦਿੱਤਾ, ਉਥੇ ਪੱਤਰਕਾਰਾਂ ਨੂੰ ਵੀ ਧੱਕੇ ਮਾਰੇ। ਇਸ ਤੋਂ ਬਾਅਦ ਪੱਤਰਕਾਰ ਦੇਰ ਰਾਤ ਥਾਣੇ ਬਾਹਰ ਇਕੱਠੇ ਹੋ ਗਏ। ਉਨ੍ਹਾਂ ਇਸ ਸਬੰਧੀ ਪੁਲੀਸ ਕਮਿਸ਼ਨਰ ਕੌਸਤੁਭ ਸ਼ਰਮਾ ਨਾਲ ਗੱਲ ਕੀਤੀ। ਮੌਕੇ ’ਤੇ ਏਡੀਸੀਪੀ ਤੁਸ਼ਾਰ ਗੁਪਤਾ, ਏਸੀਪੀ ਰਮਨਜੀਤ ਭੁੱਲਰ ਤੇ ਏਸੀਪੀ ਵੈਭਬ ਸਿੰਗਲਾ ਪੁੱਜੇ, ਜਿਨ੍ਹਾਂ ਨੇ ਪੱਤਰਕਾਰਾਂ ਨੂੰ ਕਾਰਵਾਈ ਦਾ ਭਰੋਸਾ ਦਿੱਤਾ।