ਜਸਵੀਰ ਸਿੰਘ ਸ਼ੇਤਰਾ
ਜਗਰਾਉਂ, 6 ਜੁਲਾਈ
ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ‘ਆਪ’ ਵਾਲੇ ਦੂਜਿਆਂ ਦੇ ਘਰ ਅੰਦਰ ਝਾਕਣ ਦੀ ਥਾਂ ‘ਆਪਣਾ ਘਰ’ ਸੰਭਾਲ ਲੈਣ ਉਹ ਕਾਫ਼ੀ ਹੈ। ਇਨ੍ਹਾਂ ਵਿਰੋਧੀਆਂ ਨੇ ਕਾਂਗਰਸ ਪਾਰਟੀ ਅੰਦਰ ਚੱਲ ਰਹੇ ਘਟਨਾਕ੍ਰਮ ਨੂੰ ਲੈ ਕੇ ਜੋ ਸੁਫ਼ਨੇ ਦੇਖੇ ਹਨ ਉਹ ਕਦੇ ਪੂਰੇ ਨਹੀਂ ਹੋਣੇ ਕਿਉਂਕਿ ਕਾਂਗਰਸ ਕਦੇ ਵੀ ਇਨ੍ਹਾਂ ਨੂੰ ਬੂਰ ਨਹੀਂ ਪੈਣ ਦੇਵੇਗੀ। ਅਗਲੇ ਚਾਰ ਦਿਨਾਂ ਅੰਦਰ ਕਾਂਗਰਸ ’ਚ ਸਭ ਕੁਝ ਆਮ ਵਰਗਾ ਹੋਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਪੂਰੀ ਇਕਜੁੱਟਤਾ ਨਾਲ ਅਗਾਮੀ ਵਿਧਾਨ ਸਭਾ ਚੋਣਾਂ ਲੜੇਗੀ ਅਤੇ ਸ਼ਾਨਦਾਰ ਜਿੱਤ ਹਾਸਲ ਕਰੇਗੀ।
ਇਥੇ ਪਹੁੰਚਣ ’ਤੇ ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਬਿ, ਮਾਰਕੀਟ ਕਮੇਟੀ ਚੇਅਰਮੈਨ ਸਤਿੰਦਰਪਾਲ ਸਿੰਘ ਗਰੇਵਾਲ ਅਤੇ ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ ਨੇ ਉਨ੍ਹਾਂ ਦਾ ਸਵਾਗਤ ਕੀਤਾ। ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 85 ਫ਼ੀਸਦੀ ਚੋਣ ਵਾਅਦੇ ਪੂਰੇ ਕਰ ਚੁੱਕੇ ਹਨ ਅਤੇ ਬਾਕੀ ਰਹਿੰਦੇ ਵਾਅਦੇ ਜਲਦ ਪੂਰੇ ਹੋਣਗੇ। ਉਨ੍ਹਾਂ ਕਿਹਾ ਕਿ ‘ਆਪ’ ਕੋਲ ਮੁੱਖ ਮੰਤਰੀ ਲਈ ਯੋਗ ਚਿਹਰਾ ਹੀ ਨਹੀਂ ਹੈ ਜਦਕਿ ਅਕਾਲੀਆਂ ਨੂੰ ਲੋਕ ਹਾਲੇ ਵੀ ਮੂੰਹ ਲਾਉਣ ਲਈ ਤਿਆਰ ਨਹੀਂ ਹਨ।