ਨਿੱਜੀ ਪੱਤਰ ਪ੍ਰੇਰਕ
ਖੰਨਾ, 4 ਸਤੰਬਰ
ਸ਼ਹਿਰ ਦੀ 112 ਸਾਲ ਪੁਰਾਣੀ ਸੰਸਥਾ ਏ ਐੱਸ ਸਕੂਲ ਕਾਲਜ ਟਰੱਸਟ ਤੇ ਮੈਨੇਜਮੈਂਟ ਸੁਸਾਇਟੀ ਦੀ ਹੋਈ ਚੋਣ ਦੇ ਨਤੀਜਿਆਂ ਮੁਤਾਬਕ ਕੁੱਲ ਚੁਣੇ ਜਾਣ ਵਾਲੇ 20 ਮੈਂਬਰਾਂ ਵਿੱਚੋਂ ਭਾਜਪਾ ਗਰੁੱਪ ਦੇ 10, ਕਾਂਗਰਸ ਦੇ 9 ਅਤੇ ਇੱਕ ਉਮੀਦਵਾਰ ਆਮ ਆਦਮੀ ਪਾਰਟੀ ਦੀ ਜਿੱਤੀ ਸੀ। ਇਸੇ ਦੌਰਾਨ ਜੇਤੂ 20 ਉਮੀਦਵਾਰਾਂ ਵਿੱਚੋਂ ਹੁਣ ਅਹੁਦੇਦਾਰਾਂ ਦੀ ਚੋਣ ਕੀਤੀ ਜਾਣੀ ਹੈ ਜਿਸ ਨੂੰ ਧਿਆਨ ਵਿੱਚ ਰੱਖਦਿਆਂ ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਕਾਂਗਰਸ ਦੇ ਜਿੱਤੇ 9 ਉਮੀਦਵਾਰਾਂ ਦੀ ਹਾਜ਼ਰੀ ਵਿੱਚ ਐਲਾਨ ਕੀਤਾ ਕਿ ਉਹ ਹਜ਼ਾਰਾਂ ਵਿਦਿਆਰਥੀਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਗਲੇ ਅਹੁਦੇਦਾਰਾਂ ਦੀ ਚੋਣ ਵਿੱਚ ਹਿੱਸਾ ਨਹੀਂ ਲੈਣਗੇ ਸਗੋਂ ਵਿਰੋਧੀ ਧਿਰ ਵਿੱਚ ਬੈਠ ਕੇ ਉਸਾਰੂ ਰੋਲ ਨਿਭਾਉਣਗੇ। ਸ੍ਰੀ ਕੋਟਲੀ ਨੇ ਕਿਹਾ ਕਿ ਭਾਜਪਾ ਦੇ ਜੇਤੂ 10 ਉਮੀਦਵਾਰ ਜਿਵੇਂ ਚਾਹੁਣ ਆਪਣੀ ਚੋਣ ਕਰ ਸਕਦੇ ਹਨ। ਉਨ੍ਹਾਂ ‘ਆਪ’ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ’ਤੇ ਵੀ ਜੰਮ ਕੇ ਨਿਸ਼ਾਨੇ ਸਾਧੇ। ਇਸ ਮੌਕੇ ਜੇਤੂ 9 ਉਮੀਦਵਾਰਾਂ ਨੂੰ ਕਾਂਗਰਸ ਪਾਰਟੀ ਵੱਲੋਂ ਸ੍ਰੀ ਕੋਟਲੀ ਨੇ ਯਾਦਗਾਰੀ ਚਿੰਨ੍ਹ ਦੇ ਕੇ ਅਤੇ ਸ਼ਾਲ ਪਾ ਕੇ ਸਨਮਾਨਿਤ ਕੀਤਾ। ਅੰਤ ਵਿੱਚ ਸ੍ਰੀ ਕੋਟਲੀ ਨੇ ਪਹਿਲੀ ਵਾਰ ਚੋਣਾਂ ਵਿੱਚ ਜੇਤੂ ਰਹੀ ਕਾਂਗਰਸੀ ਉਮੀਦਵਾਰ ਸ਼ਾਲੂ ਕਾਲੀਆ ਨੂੰ ਸਨਮਾਨਿਤ ਕਰਦਿਆਂ ਖੁਸ਼ੀ ਪ੍ਰਗਟ ਕੀਤੀ। ਇਸ ਮੌਕੇ ਨਗਰ ਕੌਂਸਲ ਖੰਨਾ ਦੇ ਪ੍ਰਧਾਨ ਕਰਮਜੀਤ ਸਿੰਘ ਲੱਧੜ ਅਤੇ ਕਾਂਗਰਸੀ ਆਗੂ ਹਾਜ਼ਰ ਸਨ।