ਨਿੱਜੀ ਪੱਤਰ ਪ੍ਰੇਰਕ
ਖੰਨਾ, 26 ਅਪਰੈਲ
ਨਗਰ ਕੌਂਸਲ ਤੇ ਸੀਵਰੇਜ ਬੋਰਡ ਦੀ ਅਣਗਹਿਲੀ ਕਾਰਨ ਲੋਕ ਪ੍ਰੇਸ਼ਾਨ ਹਨ। ਸ਼ਹਿਰ ਦੇ ਵਾਰਡ ਨੰਬਰ-18 ’ਚ ਡੀਏਵੀ ਸਕੂਲ ਰੋਡ ’ਤੇ ਸਿੰਘ ਐਵੀਨਿਊ ਨੇੜੇ ਕਿਸੇ ਵਿਅਕਤੀ ਵੱਲੋਂ ਕਲੋਨੀ ਕੱਟਣ ਦੀ ਮਨਸ਼ਾ ਨਾਲ ਗਲੀਆਂ ’ਚ ਸੀਵਰੇਜ ਤੇ ਵਾਟਰ ਸਪਲਾਈ ਦੀਆਂ ਲਾਈਨਾਂ ਪਾ ਦਿੱਤੀਆਂ ਗਈਆਂ ਹਨ। ਉਜਾੜ ’ਚ ਵਾਟਰ ਸਪਲਾਈ ਦੀਆਂ ਟੂਟੀਆਂ ਲੱਗੀਆਂ ਦੇਖ ਲੋਕ ਵੀ ਹੈਰਾਨ ਹੋ ਰਹੇ ਹਨ। ਧੜਾਧੜ ਮਕਾਨਾਂ ਦੀ ਉਸਾਰੀ ਵੀ ਕੀਤੀ ਜਾ ਰਹੀ ਹੈ, ਸੀਵਰੇਜ ਪਾਉਣ ਉਪਰੰਤ ਚੈਂਬਰਾਂ ਨੂੰ ਮਿੱਟੀ ਨਾਲ ਢੱਕਿਆ ਹੋਇਆ ਹੈ। ਦੱਸਣਯੋਗ ਹੈ ਕਿ ਇਹ ਮਾਮਲਾ ਵਾਰਡ ਨੰਬਰ-18 ਦੇ ਕੌਂਸਲਰ ਹਰਦੀਪ ਸਿੰਘ ਨੀਨੂੰ ਵੱਲੋਂ ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ ਦੇ ਧਿਆਨ ਵਿਚ ਲਿਆਂਦਾ ਗਿਆ, ਜਿਨ੍ਹਾਂ ਨੇ ਬਿਲਡਿੰਗ ਇੰਸਪੈਕਟਰ ਸੁਰਿੰਦਰ ਚੌਧਰੀ ਨੂੰ ਮੌਕੇ ਦਾ ਜਾਇਜ਼ਾ ਲੈਣ ਭੇਜਿਆ। ਇੰਸਪੈਕਟਰ ਚੌਧਰੀ ਨੇ ਕਿਹਾ ਕਿ ਇਲਾਕੇ ਵਿਚ ਗੈਰ ਕਾਨੂੰਨੀ ਤੌਰ ਤੇ ਸੀਵਰੇਜ ਤੇ ਵਾਟਰ ਸਪਲਾਈ ਦੀਆਂ ਪਾਈਪਾਂ ਖੇਤਾਂ ਵਿਚ ਹੀ ਵਿਛਾ ਦਿੱਤੀਆਂ ਗਈਆਂ ਹਨ। ਬਾਕੀ ਤਫਤੀਸ਼ ਕਰਨ ਉਪਰੰਤ ਕਾਰਵਾਈ ਕੀਤੀ ਜਾਵੇਗੀ। ਮਕਾਨਾਂ ਦੀ ਉਸਾਰੀ ਸਬੰਧੀ ਉਨ੍ਹਾਂ ਕਿਹਾ ਕਿ ਨਕਸ਼ਿਆਂ ਦੀ ਸਰੀਰਕ ਤੌਰ ਤੇ ਘਰਾਂ ਵਿਚ ਜਾ ਕੇ ਆਨਲਾਈਨ ਜਾਂਚ ਕੀਤੀ ਜਾਵੇਗੀ। ਜੇਕਰ ਨਕਸ਼ੇ ਪਾਸ ਨਾ ਹੋਏ ਤਾਂ ਜੁਰਮਾਨੇ ਲਗਾ ਕੇ ਪਾਸ ਕੀਤੇ ਜਾਣਗੇ। ਕੌਂਸਲਰ ਨੀਨੂੰ ਨੇ ਕਿਹਾ ਕਿ ਅੰਮ੍ਰਿਤ ਯੋਜਨਾ ਦਾ ਪੈਸਾ ਗਲਤ ਥਾਂ ’ਤੇ ਲਾਉਣ ਦੀ ਸਾਜਿਸ਼ ਕੀਤੀ ਗਈ ਹੈ। ਉਸ ਦੇ ਵਾਰਡ ਦੇ ਇਕ ਮੁਹੱਲੇ ਵਿਚ ਪਿਛਲੇ 40 ਸਾਲਾਂ ਤੋਂ ਪਾਣੀ ਦੇ ਕੁਨੈਕਸ਼ਨਾਂ ਤੋਂ ਵਾਂਝੇ ਹਨ ਪਰ ਇਸ ਉਜਾੜ ਵਿਚ ਪਾਈਪਾਂ ਪਾ ਦਿੱਤੀਆਂ ਗਈਆਂ। ਐਸਡੀਓ ਸੀਵਰੇਜ ਬੋਰਡ ਸੁਖਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਲਾਕੇ ’ਚ ਸੀਵਰੇਜ ਜਾਂ ਵਾਟਰ ਸਪਲਾਈ ਦੀ ਪਾਈਪ ਨਹੀਂ ਵਿਛਾਈ ਗਈ। ਕਿਸੇ ਨੇ ਨਿੱਜੀ ਪਾਈਪਾਂ ਵਿਛਾਈਆਂ ਹਨ, ਜਿਸ ਬਾਰੇ ਕੌਂਸਲ ਅਧਿਕਾਰੀ ਹੀ ਦੱਸ ਸਕਦੇ ਹਨ। ਕੌਂਸਲ ਪ੍ਰਧਾਨ ਲੱਧੜ ਨੇ ਕਿਹਾ ਕਿ ਕੌਂਸਲਰ ਨੀਨੂੰ ਵੱਲੋਂ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਗਿਆ ਸੀ। ਸੀਵਰੇਜ ਬੋਰਡ ਦੇ ਅਧਿਕਾਰੀ ਬੁਲਾ ਕੇ ਗੱਲਬਾਤ ਕੀਤੀ ਜਾਵੇਗੀ, ਜੇਕਰ ਦੋਸ਼ੀ ਹੋਇਆ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।