ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 2 ਫਰਵਰੀ
ਹਲਕਾ ਸਮਰਾਲਾ ਵਿਚ ਕਾਂਗਰਸ ਹਾਈਕਮਾਂਡ ਨੇ ਨਵਾਂ ਚਿਹਰਾ ਰੁਪਿੰਦਰ ਸਿੰਘ ਰਾਜਾ ਗਿੱਲ ਨੂੰ ਚੋਣ ਮੈਦਾਨ ਵਿਚ ਉਤਾਰਨ ਤੋਂ ਬਾਅਦ ਹਲਕੇ ’ਚ ਰੋਜ਼ਾਨਾ ਹੀ ਸਮੀਕਰਨ ਬਦਲ ਰਹੇ ਹਨ। ਦੂਸਰੇ ਪਾਸੇ ਇੱਥੋਂ ਕਾਂਗਰਸ ਦੇ ਵਿਧਾਇਕ ਰਹੇ ਅਮਰੀਕ ਸਿੰਘ ਢਿੱਲੋਂ, ਜਿਨ੍ਹਾਂ ਦੀ ਟਿਕਟ ਕੱਟ ਦਿੱਤੀ ਗਈ, ਉਨ੍ਹਾਂ ਵੱਲੋਂ ਆਜ਼ਾਦ ਚੋਣ ਲੜਨ ਦੇ ਐਲਾਨ ਤੋਂ ਬਾਅਦ ਇਸ ਹਲਕੇ ਦੇ ਕਾਂਗਰਸੀ ਵਰਕਰ ਦੋਚਿੱਤੀ ’ਚ ਹਨ ਕਿ ਉਹ ਕਿਸ ਦਾ ਸਾਥ ਦੇਣ। ਕਾਂਗਰਸੀ ਉਮੀਦਵਾਰ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਹਲਕਾ ਸਮਰਾਲਾ ’ਚ ਆਪਣੀ ਚੋਣ ਮੁਹਿੰਮ ਪੂਰੀ ਤਰ੍ਹਾਂ ਭਖਾ ਦਿੱਤੀ ਹੈ ਅਤੇ ਉਨ੍ਹਾਂ ਵੱਲੋਂ ਕਾਂਗਰਸੀ ਵਰਕਰਾਂ ਤੇ ਆਗੂਆਂ ਨਾਲ ਘਰ-ਘਰ ਜਾ ਕੇ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਪਰ ਦੂਸਰੇ ਪਾਸੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਵੱਲੋਂ ਆਜ਼ਾਦ ਚੋਣ ਲੜਨ ’ਤੇ ਕਾਂਗਰਸੀ ਵਰਕਰ ਹੁਣ ਸਮਰਥਨ ਦੇਣ ਦਾ ਵਾਅਦਾ ਤਾਂ ਕਰ ਰਹੇ ਹਨ ਪਰ 4 ਦਿਨਾਂ ’ਚ ਹੀ ਕਈ ਕਾਂਗਰਸੀ ਆਗੂ ਤੇ ਵਰਕਰ ਉਨ੍ਹਾਂ ਦੇ ਖੇਮੇ ’ਚੋਂ ਖਿਸਕਣੇ ਸ਼ੁਰੂ ਹੋ ਗਏ ਹਨ। ਦੋਵੇਂ ਉਮੀਦਵਾਰ ਕਾਂਗਰਸੀ ਵਰਕਰਾਂ ਨੂੰ ਆਪਣੇ ਨਾਲ ਜੋਣਨ ਲਈ ਹੱਥ-ਪੱਲਾ ਮਾਰ ਰਹੇ ਹਨ ਪਰ ਵਰਕਰਾਂ ਨੂੰ ਇਹ ਫ਼ੈਸਲਾ ਲੈਣਾ ਔਖਾ ਹੋਇਆ ਪਿਆ ਹੈ ਕਿ ਉਹ ਕਿਸਦੀ ਮੱਦਦ ਕਰਨ।
ਰਾਜਾ ਗਿੱਲ ਦੇ ਹੱਕ ’ਚ ਆਏ ਚੇਅਰਮੈਨ ਆਨੰਦ ਤੇ ਕਾਂਗਰਸੀ ਕੌਂਸਲਰ
ਹਲਕਾ ਸਮਰਾਲਾ ਤੋਂ ਕਾਂਗਰਸ ਦੇ ਉਮੀਦਵਾਰ ਰੁਪਿੰਦਰ ਸਿੰਘ ਰਾਜਾ ਗਿੱਲ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ, ਜਦੋਂ ਮਾਛੀਵਾੜਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ਼ਕਤੀ ਆਨੰਦ ਤੇ ਸ਼ਹਿਰ ਦੇ ਕਾਂਗਰਸੀ ਕੌਂਸਲਰ ਉਨ੍ਹਾਂ ਦੇ ਸਮਰਥਨ ਵਿਚ ਆਏ। ਟਿਕਟ ਨਾ ਮਿਲਣ ਕਾਰਨ ਇੱਥੋਂ ਕਾਂਗਰਸ ਦੇ ਵਿਧਾਇਕ ਰਹੇ ਅਮਰੀਕ ਸਿੰਘ ਢਿੱਲੋਂ ਵੱਲੋਂ ਆਜ਼ਾਦ ਚੋਣ ਲੜਨ ਦਾ ਐਲਾਨ ਕੀਤਾ ਹੋਇਆ ਹੈ ਅਤੇ ਚੇਅਰਮੈਨ ਆਨੰਦ ਤੇ ਸ਼ਹਿਰ ਦੇ ਕੌਂਸਲਰਾਂ ਵੱਲੋਂ ਆਪਣੇ ਵਿਧਾਇਕ ਨੂੰ ਸਾਥ ਦੇਣ ਦਾ ਭਰੋਸਾ ਦਿਵਾਇਆ ਗਿਆ ਸੀ ਪਰ ਪਾਰਟੀ ਦਾ ਮੋਹ ਜਾਗਦਿਆਂ ਇਹ ਸਾਰੇ ਉਸ ਨੂੰ ਛੱਡ ਕੇ ਉਮੀਦਵਾਰ ਰਾਜਾ ਗਿੱਲ ਦੇ ਹੱਕ ਵਿਚ ਆ ਖੜ੍ਹੇ ਹੋਏ ਹਨ।