ਸੰਤੋਖ ਗਿੱਲ
ਗੁਰੂਸਰ ਸੁਧਾਰ, 1 ਅਗਸਤ
ਥਾਣਾ ਸੁਧਾਰ ਦੀ ਪੁਲੀਸ ਨੇ ਬਲ਼ਦਾਂ ਨਾਲ ਭਰਿਆ ਇਕ ਕੰਟੇਨਰ ਜ਼ਬਤ ਕੀਤਾ ਹੈ। ਅੱਜ ਤੜਕਸਾਰ 4 ਦਰਜਨ ਦੇ ਕਰੀਬ ਬਲ਼ਦਾਂ ਨਾਲ ਭਰਿਆ ਕਨਟੇਨਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਉਪ ਮੰਡਲ ਦਫ਼ਤਰ ਬੁਢੇਲ ਨੇੜੇ ਬੇਕਾਬੂ ਹੋ ਕੇ ਸੜਕ ਤੋਂ ਹੇਠਾਂ ਉਤਰ ਗਿਆ ਅਤੇ ਕੱਚੀ ਥਾਂ ਵਿਚ ਧਸ ਗਿਆ। ਵਿਸ਼ੇਸ਼ ਢੰਗ ਨਾਲ ਬਣਾਏ ਗਏ ਇਸ ਕੰਟੇਨਰ ਬਾਰੇ ਕਾਫ਼ੀ ਦੇਰ ਤੱਕ ਲੋਕਾਂ ਨੂੰ ਸਮਝ ਹੀ ਨਹੀਂ ਆਈ, ਪਰ ਜਦੋਂ ਇਹ ਖ਼ਬਰ ਜੰਗਲ ਦੀ ਅੱਗ ਵਾਂਗ ਲੋਕਾਂ ਵਿਚ ਫੈਲੀ ਤਾਂ ਕਈ ਗਊ ਰੱਖਿਅਕ ਮੌਕੇ ’ਤੇ ਪਹੁੰਚ ਗਏ। ਡਿਊਟੀ ‘ਤੇ ਮੌਜੂਦ ਜੂਨੀਅਰ ਇੰਜਨੀਅਰ ਅਮਰਜੀਤ ਸਿੰਘ ਨੇ ਇਸ ਦੀ ਸੂਚਨਾ ਜਦੋਂ ਥਾਣਾ ਸੁਧਾਰ ਦੀ ਪੁਲੀਸ ਨੂੰ ਦਿੱਤੀ ਤਾਂ ਥਾਣਾ ਮੁਖੀ ਜਸਵੀਰ ਸਿੰਘ ਬੁੱਟਰ ਪੁਲਿਸ ਪਾਰਟੀ ਸਮੇਤ ਮੌਕੇ ;ਤੇ ਪਹੁੰਚੇ ਅਤੇ ਜਾਂਚ ਅਰੰਭ ਦਿੱਤੀ। ਥਾਣਾ ਮੁਖੀ ਜਸਵੀਰ ਸਿੰਘ ਬੁੱਟਰ ਨੇ ਕਿਹਾ ਕਿ ਕੰਟੇਨਰ ਚਾਲਕ ਬਹੁਤ ਚਲਾਕੀ ਨਾਲ ਸਾਰੇ ਕਾਗ਼ਜ਼ਾਤ ਲੈ ਕੇ ਫ਼ਰਾਰ ਹੋ ਚੁੱਕਾ ਸੀ। ਉਨ੍ਹਾਂ ਕਿਹਾ ਕਿ ਮੁੱਢਲੀ ਜਾਣਕਾਰੀ ਅਨੁਸਾਰ ਕੰਟੇਨਰ ਨੰਬਰ ਯੂ.ਪੀ 21 ਸੀ.ਐਨ 9210 ਉਤਰ ਪ੍ਰਦੇਸ਼ ਦੇ ਕਿਸੇ ਉਸਮਾਨ ਖ਼ਾਨ ਦੇ ਨਾਮ ’ਤੇ ਰਜਿਸਟਰਡ ਹੈ।
ਉਨ੍ਹਾਂ ਦੱਸਿਆ ਕਿ ਕੇਸ ਦਰਜ ਕਰ ਕੇ ਜਾਂਚ ਅਰੰਭ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੰਟੇਨਰ ਬਠਿੰਡਾ ਤੋਂ ਲੁਧਿਆਣਾ ਨੂੰ ਜਾ ਰਿਹਾ ਸੀ ਅਤੇ ਹੋ ਸਕਦਾ ਹੈ ਕਿ ਇਸ ਕੰਟੇਨਰ ਦਾ ਕੋਈ ਪਿੱਛਾ ਵੀ ਕਰ ਰਿਹਾ ਹੋਵੇ। ਉਨ੍ਹਾਂ ਦੱਸਿਆ ਕਿ ਕੰਟੇਨਰ ਵਿੱਚੋਂ ਮਿਲੇ ਬਲ਼ਦਾਂ ਨੂੰ ਹਾਲ ਦੀ ਘੜੀ ਕਸਬਾ ਸੁਧਾਰ ਦੀ ਗਊਸ਼ਾਲਾ ਵਿਚ ਭੇਜ ਦਿੱਤਾ ਹੈ ਅਤੇ ਉਨ੍ਹਾਂ ਦੇ ਇਲਾਜ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।