ਖੇਤਰੀ ਪ੍ਰਤੀਨਿਧ
ਲੁਧਿਆਣਾ, 30 ਜਨਵਰੀ
ਸਮਾਰਟ ਸ਼ਹਿਰਾਂ ਵਿੱਚ ਆਪਣਾ ਨਾਂ ਬਣਾਉਣ ਵਾਲੇ ਲੁਧਿਆਣਾ ਸ਼ਹਿਰ ਵਿੱਚ ਤਾਜਪੁਰ ਰੋਡ ’ਤੇ ਸਥਿਤ ਡੇਅਰੀਆਂ ਵਿੱਚ ਵਧ ਰਹੀ ਗੰਦਗੀ ਨਾ ਸਿਰਫ ਪਸ਼ੂਆਂ ਲਈ ਸਗੋਂ ਆਮ ਲੋਕਾਂ ਲਈ ਵੀ ਮੁਸੀਬਤ ਦਾ ਕਾਰਨ ਬਣੀ ਹੋਈ ਹੈ। ਇਨ੍ਹਾਂ ਡੇਅਰੀਆਂ ਵਿੱਚ ਥਾਂ-ਥਾਂ ਸੁੱਟੀ ਰਹਿੰਦ-ਖੂੰਹਦ ਅਤੇ ਨਾਲੀਆਂ ਵਿੱਚੋਂ ਨਿਕਲਦੇ ਗੰਦੇ ਪਾਣੀ ਕਰਕੇ ਸੜਕਾਂ ਨਰਕ ਬਣੀਆਂ ਹੋਈਆਂ ਹਨ।
ਸ਼ਹਿਰ ਦੇ ਤਾਜਪੁਰ ਰੋਡ ਅਤੇ ਹੈਬੋਵਾਲ ਵਿੱਚ ਸਭ ਤੋਂ ਵੱਧ ਡੇਅਰੀਆਂ ਹਨ। ਇਨ੍ਹਾਂ ਡੇਅਰੀਆਂ ਨੂੰ ਸ਼ਹਿਰ ਦੀ ਹੱਦ ਤੋਂ ਬਾਹਰ ਲੈ ਕੇ ਜਾਣ ਦੀਆਂ ਕਈ ਵਾਰ ਯੋਜਨਾਵਾਂ ਬਣ ਚੁੱਕੀਆਂ ਹਨ ਪਰ ਅਜੇ ਤੱਕ ਫੈਸਲਾ ਨਹੀਂ ਹੋ ਸਕਿਆ। ਮੌਜੂਦਾ ਸਮੇਂ ਤਾਜਪੁਰ ਰੋਡ ’ਤੇ ਡੇਅਰੀਆਂ ਦੇ ਆਲੇ-ਦੁਆਲੇ ਬਣੀਆਂ ਸੜਕਾਂ ਕਿਨਾਰੇ ਗਾਰੇ ਭਰੇ ਪਏ ਹਨ। ਇਸ ਗੰਦਗੀ ਕਾਰਨ ਨਾ ਸਿਰਫ ਇੱਥੇ ਰਹਿੰਦੇ ਲੋਕਾਂ ਨੂੰ ਬਿਮਾਰੀਆਂ ਲੱਗਣ ਦਾ ਖਤਰਾ ਹੈ ਸਗੋਂ ਕਈ ਪਸ਼ੂਆਂ ਨੂੰ ਵੀ ਬਿਮਾਰੀਆਂ ਲੱਗ ਸਕਦੀਆਂ ਹਨ। ਕਈ ਸੜਕਾਂ ’ਤੇ ਤਾਂ ਗਾਰਾ ਇੰਨਾ ਜ਼ਿਆਦਾ ਹੋ ਗਿਆ ਕਿ ਪੈਦਲ ਅਤੇ ਦੋ ਪਹੀਆ ਚਾਲਕਾਂ ਲਈ ਲੰਘਣਾ ਵੀ ਮੁਸ਼ਕਲ ਹੋ ਗਿਆ ਹੈ। ਇੱਥੇ ਪਾਰਕਾਂ ਦੀ ਹਾਲਤ ਵੀ ਖਸਤਾ ਬਣੀ ਹੋਈ ਹੈ। ਭਾਵੇਂ ਰਾਜਨੀਤਿਕ ਆਗੂਆਂ ਵੱਲੋਂ ਲੋਕਾਂ ਨੂੰ ਸਾਫ ਸੁਥਰਾ ਮਾਹੌਲ ਦੇਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਪਰ ਇੱਥੋਂ ਦੇ ਪਾਰਕਾਂ ਦੀ ਹਾਲਤ ਸਭ ਕੁਝ ਖੁਦ ਬਿਆਨ ਕਰਦੀ ਨਜ਼ਰ ਆ ਰਹੀ ਹੈ। ਸਰਕਾਰਾਂ ਵੱਲੋਂ ਗਊ ਸੈੱਸ ਦੇ ਨਾਂ ’ਤੇ ਲੋਕਾਂ ਤੋਂ ਟੈਕਸ ਵਸੂਲੇ ਜਾਂਦੇ ਹਨ ਪਰ ਡੇਅਰੀਆਂ ਦੇ ਬਾਹਰ ਲਾਵਾਰਸ ਪਸ਼ੂ ਬਿਨਾਂ ਸੰਭਾਲ ਤੋਂ ਨਰਕ ਵਰਗਾ ਜੀਵਨ ਬਤੀਤ ਕਰ ਰਹੇ ਹਨ।