ਜਗਰਾਉਂ: ਆਜ਼ਾਦੀ ਘੁਲਾਟੀਏ ਲਾਲਾ ਲਾਜਪਤ ਰਾਏ ਦੀ 157ਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ ‘ਕਾਰਵਾਂ-ਏ-ਹੁਨਰ’ ਅੰਤਰ ਸਕੂਲ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਅੱਜ ਇਨਾਮ ਵੰਡੇ ਗਏ। ਲਾਲਾ ਜੀ ਦੇ ਨਾਂ ’ਤੇ ਬਣੇ ਸਥਾਨਕ ਡੀਏਵੀ ਕਾਲਜ ’ਚ ਸਮਾਗਮ ਦੌਰਾਨ ਐੱਸਡੀਐੱਮ ਵਿਕਾਸ ਹੀਰਾ ਮੁੱਖ ਮਹਿਮਾਨ ਸਨ। ਕਾਲਜ ਪ੍ਰਿੰਸੀਪਲ ਡਾ. ਅਨੁਜ ਸ਼ਰਮਾ ਦੀ ਅਗਵਾਈ ਹੇਠ ਕਰਵਾਏ ਇਸ ਸਮਾਗਮ ’ਚ ਮੁੱਖ ਮਹਿਮਾਨ ਨੇ ਕਿਹਾ ਕਿ ਇਸ ਕਿਸਮ ਦੇ ਮੁਕਾਬਲੇ ਵਿਦਿਆਰਥੀਆਂ ਦੇ ਹੁਨਰ ਨਿਘਾਰਨ ’ਚ ਸਹਾਈ ਹੁੰਦੇ ਹਨ। ਇਸ ਮੌਕੇ ਕਾਲਜ ਦੇ ਪ੍ਰੋ. ਪ੍ਰਿਯੰਕਾ ਨੇ ਕਰੀਅਰ ਅਤੇ ਕੌਂਸਲਿੰਗ ਵਿਸ਼ੇ ’ਤੇ ਲੈਕਚਰ ਦਿੱਤਾ। ਪ੍ਰਿੰਸੀਪਲ ਨੇ ਮੁੱਖ ਮਹਿਮਾਨ ਨਾਲ ਮਿਲ ਕੇ ਮੁਕਾਬਲਿਆਂ ’ਚ ਵੱਖ-ਵੱਖ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਅਤੇ ਸਰਟੀਫਿਕੇਟ ਵੰਡੇ। -ਨਿੱਜੀ ਪੱਤਰ ਪ੍ਰੇਰਕ