ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 14 ਮਾਰਚ
ਫੋਕਲ ਪੁਆਇੰਟ ਸਥਿਤ ਇੱਕ ਫੈਕਟਰੀ ’ਚ ਕੰਮ ਕਰਨ ਵਾਲਾ ਠੇਕੇਦਾਰ ਆਪਣੇ ਮੁਲਾਜ਼ਮਾਂ ਨਾਲ ਮਿਲ ਕੇ ਫੈਕਟਰੀ ’ਚੋਂ ਮਸ਼ੀਨਾਂ ਚੋਰੀ ਕਰਦਾ ਸੀ। ਮੁਲਜ਼ਮ ਚੋਰੀ ਦੀ ਵਾਰਦਾਤ ਨੂੰ ਉਸ ਸਮੇਂ ਅੰਜਾਮ ਦਿੰਦਾ ਸੀ ਜਦੋਂ ਫੈਕਟਰੀ ਮਾਲਕ ਨਹੀਂ ਸੀ ਹੁੰਦਾ। ਇਸ ਗੱਲ ਦਾ ਪਤਾ ਲੱਗਦੇ ਹੀ ਚੰਡੀਗੜ੍ਹ ਰੋਡ ਸਥਿਤ ਜੀਕੇ ਇਸਟੇਟ ਵਾਸੀ ਵਿਨੈ ਕੁਮਾਰ ਦੀ ਸ਼ਿਕਾਇਤ ’ਤੇ ਪੁਲੀਸ ਨੇ ਹੈਰੀ ਇਨਕਲੇਵ ਵਾਸੀ ਠੇਕੇਦਾਰ ਪਰਮਜੀਤ ਸਿੰਘ ਤੇ ਉੱਥੇ ਕੰਮ ਕਰਨ ਵਾਲੇ ਮੁਲਾਜ਼ਮ ਮੋਗਾ ਕਲੋਨੀ ਵਾਸੀ ਰਾਹੁਲ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਦੋ ਸਿਲਾਈ ਮਸ਼ੀਨਾਂ ਵੀ ਬਰਾਮਦ ਕੀਤੀਆਂ ਹਨ। ਪੁਲੀਸ ਨੇ ਇਸ ਮਾਮਲੇ ’ਚ ਦੋਵਾਂ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਇੱਕ ਰੋਜ਼ਾ ਰਿਮਾਂਡ ਲੈ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਵਿਨੈ ਵੱਲੋਂ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਮੁਲਜ਼ਮ ਕੱਡੂ ਨਿਟ ਪ੍ਰਾਸੈਸਰ ਲਿਮਿਟਡ ’ਚ ਬਤੌਰ ਠੇਕੇਦਾਰ ਕੰਮ ਕਰਦਾ ਹੈ। ਮੁਲਜ਼ਮ ਫੈਕਟਰੀ ਵਿਚ ਪਿਛਲੇ ਕਾਫ਼ੀ ਸਮੇਂ ਤੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ। ਮੁਲਜ਼ਮ ਕੁਝ ਦਿਨ ਪਹਿਲਾਂ ਜਦੋਂ ਫੈਕਟਰੀ ’ਚ ਮਾਲਕ ਨਹੀਂ ਸੀ ਤਾਂ ਸਾਥੀ ਰਾਹੁਲ ਨਾਲ ਮਿਲ ਕੇ ਓਵਰਲੌਕ ਮਸ਼ੀਨਾਂ ਚੋਰੀ ਕਰ ਕੇ ਫ਼ਰਾਰ ਹੋ ਗਿਆ। ਇਸ ਸਬੰਧੀ ਜਦੋਂ ਮਾਲਕ ਨੂੰ ਪਤਾ ਲੱਗਿਆ ਤਾਂ ਉਸ ਨੇ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਪੁਲੀਸ ਵੱਲੋਂ ਕੀਤੀ ਮਾਮਲੇ ਦੀ ਜਾਂਚ ਤੋਂ ਬਾਅਦ ਦੋਸ਼ ਸਹੀ ਪਾਏ ਗਏ। ਪੁਲੀਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਉਨ੍ਹਾਂ ਦੇ ਕਬਜ਼ੇ ’ਚੋਂ ਮਸ਼ੀਨਾਂ ਬਰਾਮਦ ਕੀਤੀਆਂ ਹਨ।