ਪੱਤਰ ਪ੍ਰੇਰਕ
ਜਗਰਾਉਂ, 14 ਅਗਸਤ
ਪੁਲੀਸ ਚੌਂਕੀ ਬੱਸ ਸਟੈਂਡ ਨੇ ਹਾਰਡਵੇਅਰ ਦੀ ਦੁਕਾਨ ਦੇ ਮਾਲਕ ਵੱਲੋਂ ਲਿਖਾਈ ਚੋਰੀ ਦੀ ਸ਼ਿਕਾਇਤ 20 ਘੰਟਿਆਂ ’ਚ ਸੁਲਝਾਈ ਦੋ ਚੋਰ ਸਮਾਨ ਅਤੇ ਮੋਟਰਸਾਈਕਲ ਸਮੇਤ ਕਾਬੂ ਕੀਤੇ ਹਨ। ਚੌਕੀ ਇੰਚਾਰਜ ਸਬ-ਇੰਸਪੈਕਟਰ ਅਮਰਜੀਤ ਸਿੰਘ ਅਤੇ ਏ.ਐੱਸ.ਆਈ. ਬਲਰਾਜ ਸਿੰਘ ਨੇ ਦੱਸਿਆ ਕਿ ਜੇ.ਡੀ.ਇੰਟਰਪ੍ਰਾਈਜ਼ ਹਾਰਡਵੇਅਰ ਦੇ ਮਾਲਕ ਚੰਦਰ ਮੋਹਨ ਨੇ ਸ਼ਿਕਾਇਤ ਕੀਤੀ ਕਿ ਉਸਦੀ ਦੁਕਾਨ ਵਿੱਚੋਂ ਰੋਜ਼ਾਨਾ ਮਾਲ ਚੋਰੀ ਹੋ ਰਿਹਾ ਹੈ। ਇਹ ਸਾਮਾਨ ਸੂਖਮ ਪਾਸਵਾਨ ਵਾਸੀ ਨਡਾਲਾ ਮਖਤਿਆਰ ਪੁਰ (ਬਸੈਲੀ) ਬਿਹਾਰ ਅਤੇ ਮੁਹੰਮਦ ਸ਼ਮਸ਼ਾਦ ਖਾਨ, ਅਸਦੀਥ ਰਾਮਪੁਰ (ਸਮਸਤੀਪੁਰ) ਬਿਹਾਰ ਨੇ ਚੋਰੀ ਕੀਤਾ ਹੈ। ਏ.ਐਸ.ਆਈ. ਬਲਰਾਜ ਸਿੰਘ ਅਨੁਸਾਰ ਦੋਵਾਂ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਵਾਂ ਤੋਂ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ ।
ਨਕਦੀ ਅਤੇ ਮੋਬਾਈਲ ਖੋਹੇ
ਲੁਧਿਆਣਾ: ਥਾਣਾ ਟਿੱਬਾ ਦੇ ਇਲਾਕੇ ਬਾਲਾ ਜੀ ਨੇੜੇ ਤਿੰਨ ਜਣਿਆਂ ਵੱਲੋਂ ਦੋ ਰਾਹਗੀਰਾਂ ਤੋਂ ਮੋਬਾਈਲ ਫੋਨ ਅਤੇ ਨਕਦੀ ਲੁੱਟਣ ਦੀ ਸੂਚਨਾ ਮਿਲੀ ਹੈ। ਇਸ ਸਬੰਧੀ ਬਹਿਲ ਕਲੋਨੀ ਰਾਹੋਂ ਰੋਡ ਵਾਸੀ ਸਰਵਣ ਸ਼ਰਮਾ ਨੇ ਦੱਸਿਆ ਹੈ ਕਿ ਉਹ ਆਪਣੇ ਦੋਸਤ ਰੁਪੇਸ਼ ਕੁਮਾਰ ਨਾਲ ਬਾਲਾ ਜੀ ਨੇੜੇ ਕੂੜੇ ਦੇ ਡੰਪ ਵੱਲ ਜਾ ਰਿਹਾ ਸੀ ਤਾਂ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਦਾਤਰ ਦਿਖਾ ਕੇ ਉਨ੍ਹਾਂ ਦੇ ਦੋ ਮੋਬਾਈਲ ਫੋਨ ਅਤੇ ਚਾਰ ਹਜ਼ਾਰ ਰੁਪਏ ਦੀ ਨਕਦੀ ਖੋਹ ਲਈ ਅਤੇ ਫਰਾਰ ਹੋ ਗਏ। ਪੁਲੀਸ ਵੱਲੋਂ ਗੋਲੂ, ਸੌਰਭ ਅਤੇ ਵਿਕਾਸ ਵਾਸੀ ਨਿਊ ਪੁਨੀਤ ਨਗਰ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ