ਗਗਨਦੀਪ ਅਰੋੜਾ
ਲੁਧਿਆਣਾ, 11 ਜਨਵਰੀ
ਸਨਅਤੀ ਸ਼ਹਿਰ ਦੇ ਬੁੱਢੇ ਨਾਲੇ ਨੂੰ ਸਾਫ਼ ਕਰਨ ਲਈ 12 ਜਨਵਰੀ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 650 ਕਰੋੜ ਰੁਪਏ ਦੇ ਨਵੇਂ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣਗੇ। ਇਸ ਤੋਂ ਪਹਿਲਾਂ ਹੀ ਅੱਜ ਲੁਧਿਆਣਾ ਦੇ ਬਹਾਦੁਰਕੇ ਟੈਕਸਟਾਈਲ ਐਂਡ ਨਿੱਟਵੀਅਰ ਐਸੋਸੀਏਸ਼ਨ ਪ੍ਰਧਾਨ ਤਰੁਣ ਜੈਨ ਬਾਵਾ ਨੇ ਮੁੱਖ ਮੰਤਰੀ ਨੂੰ ਈਮੇਲ ਰਾਹੀਂ ਇਸ ਯੋਜਨਾ ਦਾ ਨੀਂਹ ਪੱਥਰ ਨਾ ਰੱਖਣ ਦੀ ਸਲਾਹ ਦਿੱਤੀ ਹੈ। ਸਨਅਤਕਾਰ ਬਾਵਾ ਦਾ ਕਹਿਣਾ ਹੈ ਕਿ 650 ਕਰੋੜ ਰੁਪਏ ਖ਼ਰਚ ਹੋਣ ਤੋਂ ਬਾਅਦ ਵੀ ਬੁੱਢਾ ਦਰਿਆ ਸਾਫ਼ ਨਹੀਂ ਹੋਵੇਗਾ। ਇਸ ਲਈ ਤਿਆਰ ਕੀਤੀ ਅਧਿਕਾਰੀਆਂ ਦੀ ਰਿਪੋਰਟ ਸਹੀ ਨਹੀਂ ਹੈ।
ਤਰੁਣ ਜੈਨ ਬਾਵਾ ਨੇ ਦੱਸਿਆ ਕਿ ਬੁੱਢਾ ਦਰਿਆ ਨੂੰ ਸਾਫ਼ ਕਰਨ ਲਈ ਅਧਿਕਾਰੀਆਂ ਨੇ 650 ਕਰੋੜ ਦੀ ਯੋਜਨਾ ਤਿਆਰ ਕੀਤੀ ਸੀ। ਮੁੰਬਈ ਦੀ ਇੱਕ ਕੰਪਨੀ ਨੇ ਇਹ ਟੈਂਡਰ 519 ਕਰੋੜ ਰੁਪਏ ’ਚ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਕੰਮ ਨੂੰ 325 ਕਰੋੜ ’ਚ ਪੂਰਾ ਕਰ ਸਕਦੇ ਹਨ। ਇਸ ਯੋਜਨਾ ’ਚ ਜਮਾਲਪੁਰ ’ਚ 285 ਐੱਮਐੱਲਡੀ ਦਾ ਐਸਟੀਪੀ ਲਾਇਆ ਜਾਵੇਗਾ। ਉਨ੍ਹਾਂ ਦੀ ਐਸੋਸੀਏਸ਼ਨ ਨੇ ਕੁਝ ਸਮਾਂ ਪਹਿਲਾਂ ਹੀ ਆਪਣੇ ਪੱਧਰ ’ਤੇ ਸੀਟੀਪੀ ਪਲਾਂਟ ਲਾਇਆ ਹੈ।ਸ੍ਰੀ ਬਾਵਾ ਅਨੁਸਾਰ ਇਸ ਯੋਜਨਾ ਦੀ ਰਿਪੋੋਰਟ ਨੂੰ ਚੰਗੀ ਤਰ੍ਹਾਂ ਤਿਆਰ ਨਹੀਂ ਕੀਤਾ ਗਿਆ। ਹਾਲੇ ਤੱਕ ਜ਼ਿਲ੍ਹਾ ਪ੍ਰਸਾਸ਼ਨ ਅਧਿਕਾਰੀਆਂ ਨੂੰ ਇਹ ਪਤਾ ਨਹੀਂ ਹੈ ਕਿ ਬੁੱਢਾ ਦਰਿਆ ’ਚ ਕਿੰਨ੍ਹਾ ਪਾਣੀ ਵਹਿੰਦਾ ਹੈ। ਨਿਗਮ ਕੋਲ ਤਿੰਨ 400 ਐਮਐਲਡੀ ਸਮਰੱਥਾ ਵਾਲੇ ਸੀਵਰੇਜ ਟ੍ਰੀਟਮੈਂਟ ਪਲਾਂਟ ਹਨ ਤੇ ਨਵੀਂ ਯੋਜਨਾ ’ਚ 285 ਐਮਐਲਡੀ ਦਾ ਨਵਾਂ ਪਲਾਂਟ ਲਾਇਆ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਬੁੱਢਾ ਦਰਿਆ ’ਚ ਇੱਕ ਹਜ਼ਾਰ ਐਮਐਲਡੀ ਪਾਣੀ ਵਹਿੰਦਾ ਹੈ। ਦੂਜੇ ਪਾਸੇ, ਜ਼ਿਲ੍ਹਾ ਪ੍ਰਸ਼ਾਸਨ ਨੇ ਨਵੇਂ ਪ੍ਰਾਜੈਕਟ ਦੇ ਉਦਘਾਟਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।