ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 16 ਸਤੰਬਰ
ਭਾਈ ਲਾਲੋ ਮੰਚ ਪੰਜਾਬ ਦੀਆਂ ਇਸ ਖੇਤਰ ਦੀਆਂ ਇਕਾਈਆਂ ਦੇ ਆਗੂਆਂ ਦੀ ਕਨਵੈਨਸ਼ਨ ਡੇਹਲੋਂ ਵਿੱਚ ਹੋਈ ਜਿਸ ਦੇ ਉਦਘਾਟਨੀ ਅਤੇ ਸਮਾਪਤੀ ਸੈਸ਼ਨਾਂ ਦੀ ਪ੍ਰਧਾਨਗੀ ਬੂਟਾ ਸਿੰਘ ਕਿਲਾ ਰਾਏਪੁਰ ਅਤੇ ਪੰਮਾ ਜੱਸੋਵਾਲ ਨੇ ਕੀਤੀ। ਕਨਵੈਨਸ਼ਨ ਦੀ ਸ਼ੁਰੂਆਤ ਵਿੱਚ ਸੀਪੀਐੱਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਧਾਰਿਆ ਗਿਆ। ਸਾਬਕਾ ਵਿਧਾਇਕ ਤਰਸੇਮ ਜੋਧਾਂ ਤੇ ਮੰਚ ਆਗੂਆਂ ਕੇਵਲ ਸਿੰਘ ਹਜ਼ਾਰਾ, ਰਾਣਾ ਕਰਨ ਨਵਾਂ ਸ਼ਹਿਰ, ਚਰਨਜੀਤ ਹਮਾਯੂੰਪੁਰ ਤੇ ਡਾ. ਜਸਵੀਰ ਕੌਰ ਨੇ ਕਿਹਾ ਕਿ ਆਮ ਲੋਕਾਂ ਦੇ ਮਸਲਿਆਂ ਦੇ ਹੱਲ ਜਨਤਕ ਵਿਸ਼ਾਲ ਲਹਿਰ ਖੜ੍ਹੀ ਕਰ ਕੇ ਕੀਤੇ ਜਾਣਗੇ। ਬੁਲਾਰਿਆਂ ਨੇ ਕਿਹਾ ਕਿ ਸਮੁੱਚੀ ਦੁਨੀਆਂ ਵਿੱਚ ਕਾਰਪੋਰੇਟ ਨੀਤੀਆਂ ਲਾਗੂ ਹੋਣ ਕਰਕੇ ਮਹਿੰਗਾਈ, ਬੇਰੁਜ਼ਗਾਰੀ ਅਤੇ ਭੁੱਖਮਰੀ ਵੱਡੀਆਂ ਸਮੱਸਿਆਵਾਂ ਬਣ ਉਭਰੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਨੂੰ ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੇ ਸੁਪਨਿਆਂ ਦਾ ਸੂਬਾ ਬਣਾਉਣ ਥਾਂ ਸਿਆਸੀ ਤਾਕਤ ਖੋਹਣ ਲਈ ਵਰਤਿਆ ਗਿਆ ਹੈ ਜਿਸ ਲਈ ਮੰਚ ਵੱਲੋਂ ਪੰਜਾਬ ਦੇ ਲੋਕਾਂ ਨੂੰ ਲਾਮਬੰਦ ਕਰ ਕੇ ਸੰਘਰਸ਼ ਲਈ ਤਿਆਰ ਰਹਿਣ ਦੀ ਅਪੀਲ ਕੀਤੀ ਗਈ।