ਖੇਤਰੀ ਪ੍ਰਤੀਨਿਧ
ਲੁਧਿਆਣਾ, 18 ਸਤੰਬਰ
ਸਥਾਨਕ ਨੈਸ਼ਨਲ ਸਕਿੱਲ ਟਰੇਨਿੰਗ ਇੰਸਟੀਚਿਊਟ ਲੁਧਿਆਣਾ ਵਿਚ ਕਾਨਵੋਕੇਸ਼ਨ ਸਮਾਗਮ ਕਰਵਾਇਆ ਗਿਆ। ਇਸ ਵਿੱਚ ਸੈਸ਼ਨ 2021-22 ਵਿੱਚ ਆਪਣੀ ਪੜ੍ਹਾਈ ਪੂਰੀ ਕਰਨ ਵਾਲੇ ਸਿਖਿਆਰਥੀਆਂ ਨੂੰ ਨੈਸ਼ਨਲ ਕਰਾਫਟ ਇੰਸਟਰਕਟਰ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਸਮਾਗਮ ਵਿੱਚ ਸੈਂਟਰਲ ਟੂਲ ਰੂਮ ਲੁਧਿਆਣਾ ਦੇ ਜਨਰਲ ਮੈਨੇਜਰ ਏਪੀ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਕਾਨਵੋਕੇਸ਼ਨ ਦੀ ਸ਼ੁਰੂਆਤ ਮੁੱਖ ਮਹਿਮਾਨ ਸ਼ਰਮਾ, ਏਵਨ ਸਾਈਕਲਜ਼ ਦੇ ਐਚਆਰ ਅਫ਼ਸਰ ਸੁਰਿੰਦਰ ਸਿੰਘ, ਮੀਤ ਪ੍ਰਧਾਨ ਚੰਦਨਦੀਪ ਸਿੰਘ ਨੇ ਸਾਂਝੇ ਤੌਰ ’ਤੇ ਕੀਤੀ। ਇਸ ਮੌਕੇ ਚੀਫ ਕੰਸਲਟੈਂਟ ਸੰਜੇ ਭਰਤਵਾਜ, ਐਨਐਸਟੀਆਈ ਦੇ ਸੰਯੁਕਤ ਡਾਇਰੈਕਟਰ ਆਰਸੀ ਮੀਨਾ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਆਰਡੀਐਸਡੀਈ ਪੰਜਾਬ ਦੇ ਡਿਪਟੀ ਡਾਇਰੈਕਟਰ ਡਾ. ਪਰਮਿੰਦਰ ਤਿਲਾਂਬੇ ਨੇ ਦੱਸਿਆ ਕਿ ਇਹ ਕਾਨਵੋਕੇਸ਼ਨ ਪਹਿਲੀ ਵਾਰ 14700 ਆਈਟੀਆਈਐਸ ਤੇ 33 ਐਨਐਸਟੀਆਈਐਸ ਵਿੱਚ ਇੱਕੋ ਸਮੇਂ ਕੀਤੀ ਜਾ ਰਹੀ ਹੈ। ਸਹਾਇਕ ਡਾਇਰੈਕਟਰ ਟੀਵੀਐਨ ਰਾਓ ਨੇ ਸੰਸਥਾ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਸ੍ਰੀ ਮੀਨਾ ਨੇ ਸਾਰੇ ਪਾਸ-ਆਊਟ ਸਿਖਿਆਰਥੀਆਂ ਨੂੰ ਵਧਾਈ ਦਿੱਤੀ।