ਖਾਦ ਨਾ ਮਿਲਣ ’ਤੇ ਐੱਸਡੀਐੱਮ ਦਫਤਰ ਅੱਗੇ ਧਰਨੇ ਦਾ ਐਲਾਨ
ਦੇਵਿੰਦਰ ਸਿੰਘ ਜੱਗੀ
ਪਾਇਲ, 29 ਅਕਤੂਬਰ
ਕਣਕ ਤੇ ਆਲੂ ਦੀ ਫਸਲ ਦੀ ਬਿਜਾਈ ਦਾ ਸੀਜ਼ਨ ਪੂਰੇ ਜ਼ੋਰਾਂ ’ਤੇ ਹੈ ਪਰ ਹਲਕਾ ਖੰਨਾ ਅਤੇ ਪਾਇਲ ਦੀਆਂ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸੁਸਾਇਟੀਆਂ ਵਿੱਚ ਡੀਏਪੀ ਖਾਦ ਨਾ ਹੋਣ ਕਾਰਨ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਪ੍ਰਾਈਵੇਟ ਡੀਲਰਾਂ ਤੋਂ ਮਹਿੰਗੇ ਭਾਅ ਦੀ ਖਾਦ ਖ਼ਰੀਦ ਕੇ ਲੁੱਟ ਦਾ ਸ਼ਿਕਾਰ ਹੋ ਰਹੇ ਹਨ ਪਰ ਸਬੰਧਤ ਮਹਿਕਮੇ ਇਸ ਵੱਲ ਧਿਆਨ ਨਹੀਂ ਦੇ ਰਿਹਾ।
ਕਿਸਾਨ ਆਗੂਆਂ ਨੇ ਕਿਹਾ ਕਿ ਹਲਕਾ ਪਾਇਲ ਤੇ ਖੰਨੇ ਦੀਆਂ ਸੁਸਾਇਟੀਆਂ ਲਈ ਖਾਦ ਦਾ ਜਿਹੜਾ ਰੈਕ ਲੱਗਣਾ ਸੀ ਉਹ ਹਲਕਾ ਫਤਿਹਗੜ੍ਹ ਸਾਹਿਬ ਅਤੇ ਰੋਪੜ ਲੱਗ ਗਿਆ, ਜਿਸ ਕਰਕੇ ਖਾਦ ਦੀ ਵੱਡੀ ਕਿੱਲਤ ਆਈ ਹੈ। ਉਨ੍ਹਾਂ ਕਿਹਾ ਕਿ ਇਹ ਅਫਸੋਸਜਨਕ ਗੱਲ ਹੈ ਕਿ ਖੰਨਾ ਦੇ ਵਜ਼ੀਰ ਅਤੇ ਪਾਇਲ ਦੇ ਵਿਧਾਇਕ ਖਾਦ ਦੀ ਕਿੱਲਤ ਨੂੰ ਦੂਰ ਕਰਨ ਲਈ ਉਪਰਾਲੇ ਨਹੀਂ ਕਰ ਰਹੇ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਹਰਪ੍ਰੀਤ ਸਿੰਘ ਸਿਰਥਲਾ, ਦਵਿੰਦਰ ਸਿੰਘ ਰਾਜੂ, ਧਰਮਿੰਦਰ ਸਿੰਘ ਅਤੇ ਹੋਰ ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਸੋਮਵਾਰ ਤੱਕ ਖਾਦ ਸੁਸਾਇਟੀਆਂ ਵਿੱਚ ਨਹੀਂ ਪੁੱਜੀ ਤਾਂ ਮੰਗਲਵਾਰ ਨੂੰ ਪਾਇਲ ਐੱਸਡੀਐੱਮ ਦਫਤਰ ਪਾਇਲ ਵਿਖੇ ਧਰਨਾ ਦਿੱਤਾ ਜਾਵੇਗਾ।
ਕੈਪਸ਼ਨ: ਸਿਰਥਲਾ ਸੁਸਾਇਟੀ ਅੱਗੇ ਕਿਸਾਨ ਖਾਦ ਨਾ ਮਿਲਣ ਬਾਰੇ ਦੱਸਦੇ ਹੋਏ। -ਫੋਟੋ: ਜੱਗੀ