ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 6 ਜੁਲਾਈ
ਕਰੋਨਾ ਟੀਕਾਕਰਨ ਦੇ ਮਾਮਲੇ ਵਿੱਚ ਲੁਧਿਆਣਾ ਵਾਸੀਆਂ ਨੇ ਪੰਜਾਬ ਵਿੱਚ ਨੰਬਰ ਇੱਕ ’ਤੇ ਹਨ। ਜ਼ਿਲ੍ਹੇ ’ਚ ਸੋਮਵਾਰ ਤੱਕ 12,65,420 ਲੋਕਾਂ ਦਾ ਟੀਕਾਕਰਨ ਹੋ ਚੁੱਕਿਆ ਹੈ। ਇਨ੍ਹਾਂ ’ਚ 10,54,000 ਲੋਕਾਂ ਨੂੰ ਪਹਿਲੀ ਡੋਜ਼ ਲੱਗ ਚੁੱਕੀ ਹੈ ਜਦੋਂਕਿ ਕਰੀਬ ਸਵਾ 2 ਲੱਖ ਲੋਕ ਟੀਕੇ ਦੇ ਦੋਵੇਂ ਡੋਜ਼ ਲਵਾ ਚੁੱਕੇ ਹਨ। ਇਹੀ ਨਹੀਂ ਤਿੰਨ ਜੁਲਾਈ ਨੂੰ ਜ਼ਿਲ੍ਹੇ ’ਚ ਇੱਕ ਦਿਨ ਅੰਦਰ ਸਭ ਤੋਂ ਜ਼ਿਆਦਾ ਟੀਕਾਕਰਨ ਦਾ ਰਿਕਾਰਡ ਵੀ ਲੁਧਿਆਣਾ ਨੇ ਨਾਂ ਦਰਜ ਹੋਇਆ ਹੈ।
ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਪੁਨੀਤ ਜੁਨੇਜਾ ਨੇ ਦੱਸਿਆ ਕਿ ਲੁਧਿਆਣਾ ਦੇ ਲੋਕਾਂ ਵਿੱਚ ਕਰੋਨਾ ਦੇ ਟੀਕਾ ਲਗਵਾਉਣ ਨੂੰ ਕਾਫ਼ੀ ਜੋਸ਼ ਹੈ। ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਕਰੋਨਾ ਟੀਕਾਕਰਨ ਵਿੱਚ ਲੁਧਿਆਣਵੀਂ ਨੰਬਰ ਇੱਕ ’ਤੇ ਹਨ।
ਦੱਸ ਦਈਏ ਕਿ ਪੰਜਾਬ ’ਚ ਹੁਣ ਤੱਕ 78 ਲੱਖ ਵੈਕਸੀਨ ਦੇ ਟੀਕੇ ਲਗਾਏ ਜਾ ਚੁੱਕੇ ਹਨ। ਟੀਕਾਕਰਨ ਦੀ ਇਸ ਰਫ਼ਤਾਰ ਨਾਲ ਕਰੋਨਾ ’ਤੇ ਜਿੱਤ ਹਾਸਿਲ ਕਰਨ ’ਚ ਮਦਦ ਮਿਲੇਗੀ। ਕੇਂਦਰੀ ਸਿਹਤ ਮੰਤਰਾਲੇ ਨੂੰ ਅਪੀਲ ਕੀਤੀ ਗਈ ਹੈ ਕਿ ਟੀਕੇ ਦੀ ਸਪਲਾਈ ਹੋਰ ਤੇਜ਼ੀ ਨਾਲ ਕੀਤੀ ਜਾਵੇ। ਨਾਲ ਸਾਰਾ ਡੇਟਾ ਕੋਵਿਨ ਐਪ ’ਤੇ ਅਪਲੋਡ ਕੀਤਾ ਜਾ ਰਿਹਾ ਹੈ।
9 ਜਣਿਆਂ ਦੀ ਰਿਪੋਰਟ ਪਾਜ਼ੇਟਿਵ
ਜ਼ਿਲ੍ਹੇ ’ਚ ਕਰੋਨਾ ਦੇ ਕੇਸਾਂ ਵਿੱਚ ਰਾਹਤ ਮਿਲਦੀ ਨਜ਼ਰ ਆ ਰਹੀ ਹੈ। ਬੀਤੇ ਦਿਨੀਂ ਲੁਧਿਆਣਾ ਦੇ 9 ਹਜ਼ਾਰ ਸ਼ੱਕੀ ਲੋਕਾਂ ਦੇ ਕਰੋਨਾ ਦੇ ਸੈਂਪਲ ਲਏ ਗਏ ਸਨ, ਜਿਨ੍ਹਾਂ ਵਿੱਚੋਂ 19 ਨਵੇਂ ਮਰੀਜ਼ਾਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ। ਰਾਹਤ ਵਾਲੀ ਗੱਲ ਇਹ ਰਹੀ ਕਿ ਅੱਜ ਕਿਸੇ ਮਰੀਜ਼ ਦੀ ਮੌਤ ਨਹੀਂ ਹੋਈ। ਸਿਵਲ ਸਰਜਨ ਲੁਧਿਆਣਾ ਡਾ. ਕਿਰਨ ਆਹਲੂਵਾਲੀਆ ਨੇ ਦੱਸਿਆ ਕਿ ਲੁਧਿਆਣਾ ਵਿੱਚ ਕਰੋਨਾ ਕੇਸਾਂ ਵਿੱਚ ਕਾਫ਼ੀ ਰਾਹਤ ਮਿਲੀ ਹੈ। ਮੌਜੂਦਾ ਸਮੇਂ ਵਿੱਚ 210 ਐਕਟਿਵ ਕੇਸ ਹਨ, ਜਿਨ੍ਹਾਂ ਵਿੱਚ 162 ਘਰਾਂ ਵਿੱਚ ਇਕਾਂਤਵਾਸ ਹਨ, 5 ਸਰਕਾਰੀ ਹਸਪਤਾਲਾਂ ਤੇ 24 ਮਰੀਜ਼ ਪ੍ਰਾਈਵੇਟ ਹਸਪਤਾਲਾਂ ਵਿੱਚ ਦਾਖ਼ਲ ਹਨ। ਉਨ੍ਹਾਂ ਦੱਸਿਆ ਕਿ ਅੱਜ ਕਿਸੇ ਦੀ ਵੀ ਕਰੋਨਾ ਨਾਲ ਮੌਤ ਨਹੀਂ ਹੋਈ। 9788 ਸ਼ੱਕੀਆਂ ਦੇ ਸੈਂਪਲ ਲਏ ਗਏ ਹਨ।