ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 15 ਅਪਰੈਲ
ਕਰੋਨਾ ਦੇ ਕੇਸ ਜ਼ਿਲ੍ਹੇ ਵਿੱਚ ਭਾਵੇਂ ਕਾਫ਼ੀ ਘੱਟ ਹਨ ਪਰ ਦਿੱਲੀ ਤੇ ਹੋਰਨਾਂ ਕਈ ਥਾਵਾਂ ’ਤੇ ਦੁਬਾਰਾ ਕਰੋਨਾ ਦੀ ਦਸਤਕ ਦੇਖੀ ਗਈ ਹੈ। ਇਸ ਦੇ ਬਾਵਜੂਦ ਲੁਧਿਆਣਾ ਵਿੱਚ ਕੋਰਨਾ ਦਾ ਟੀਕਾ ਲਗਾਉਣ ਵਿੱਚ ਲੋਕ ਜ਼ਿਆਦਾ ਦਿਲਚਸਪੀ ਨਹੀਂ ਦਿਖਾ ਰਹੇ ਹਨ। ਲੁਧਿਆਣਾ ਜ਼ਿਲ੍ਹੇ ਵਿੱਚ ਹੁਣ ਤੱਕ ਸਿਰਫ਼ 79 ਫ਼ੀਸਦੀ ਲੋਕਾਂ ਨੇ ਹੀ ਕਰੋਨਾ ਟੀਕੇ ਦੀਆਂ ਦੋਵੇਂ ਡੋਜ਼ ਲਗਵਾਈਆਂ ਹਨ। ਬਾਕੀ ਲੋਕ ਹਾਲੇ ਜਾਗਰੂਕ ਕਰਨ ਦੇ ਬਾਵਜੂਦ ਟੀਕਾ ਲਗਵਾਉਣ ਨਹੀਂ ਪੁੱਜ ਰਹੇ ਹਨ।
ਲੁਧਿਆਣਾ ਜ਼ਿਲ੍ਹੇ ਵਿੱਚ ਹਾਲੇ ਰੋਜ਼ਾਨਾ ਸਿਰਫ਼ 1500 ਤੋਂ 2000 ਤੱਕ ਹੀ ਲੋਕ ਟੀਕਾ ਲਗਵਾਉਣ ਆ ਰਹੇ ਹਨ। ਜਦੋਂਕਿ ਇਸ ਤੋਂ ਪਹਿਲਾਂ ਇਹ ਗਿਣਤੀ ਕਾਫ਼ੀ ਜ਼ਿਆਦਾ ਸੀ। ਜਦੋਂ ਤੋਂ ਕਰੋਨਾ ਦੀ ਪਾਬੰਦੀਆਂ ਖ਼ਤਮ ਕੀਤੀਆਂ ਗਈਆਂ ਹਨ ਤੇ ਕਰੋਨਾ ਟੀਕੇ ਦਾ ਸਰਟੀਫਿਕੇਟ ਜਾਂਚ ਹੋਣੀ ਘੱਟ ਹੋਈ ਹੈ, ਉਦੋਂ ਤੋਂ ਲੋਕ ਟੀਕਾ ਲਗਵਾਉਣ ਵਿੱਚ ਜ਼ਿਆਦਾ ਦਿਲਚਸਪੀ ਨਹੀਂ ਦਿਖਾ ਰਹੇ ਹਨ। ਜ਼ਿਲ੍ਹੇ ’ਚ ਵੀਰਵਾਰ ਨੂੰ 1630 ਜਣਿਆਂ ਨੇ ਟੀਕੇ ਲਗਵਾਏ ਹਨ, ਜਦੋਂਕਿ ਸ਼ੁੱਕਰਵਾਰ ਨੂੰ ਇਹ ਗਿਣਤੀ 1358 ਲੋਕਾਂ ਨੇ ਟੀਕੇ ਲਗਾਏ ਹਨ। ਹੁਣ ਤੱਕ ਜ਼ਿਲ੍ਹੇ ’ਚ 56,42,027 ਲੋਕਾਂ ਨੇ ਟੀਕਾ ਲਵਾਇਆ ਹੈ, ਪਰ ਜ਼ਿਲ੍ਹੇ ’ਚ ਦੂਜੀ ਡੋਜ਼ ਲਵਾਉਣ ਵਾਲੇ ਹਾਲੇ ਵੀ 79 ਫ਼ੀਸਦੀ ਹੀ ਹੋਏ ਹਨ। 33,05,086 ਨੇ ਜਿੱਥੇ ਪਹਿਲਾ ਟੀਕਾ ਲਵਾਇਆ ਹੈ, ਉੱਥੇ ਹੀ 22,89,183 ਨੇ ਹਾਲੇ ਦੂਜਾ ਟੀਕਾ ਲਗਵਾਇਆ ਹੈ।
18 ਤੋਂ 44 ਸਾਲ ਦੇ ਸਭ ਤੋਂ ਜ਼ਿਆਦਾ 6,71,656 ਵਿਅਕਤੀ ਅਜਿਹੇ ਹਨ, ਜਿਨ੍ਹਾਂ ਨੇ ਦੂਜਾ ਟੀਕਾ ਨਹੀਂ ਲਗਵਾਇਆ ਹੈ। ਸਿਹਤ ਵਿਭਾਗ ਵੱਲੋਂ ਰੋਜ਼ਾਨਾ ਟੀਕਾਕਰਨ ਕੈਂਪ ਲਾਏ ਜਾ ਰਹੇ ਹਨ। ਬੂਸਟਰ ਡੋਜ਼ ’ਚ ਵੀ ਹੁਣ ਤੱਕ ਸਿਰਫ਼ 49,333 ਨੇ ਹੀ ਤੀਜੀ ਡੋਜ਼ ਲਵਾਈ ਹੈ। ਹੁਣ ਤੱਕ ਹੋਏ ਟੀਕਾਕਰਨ ’ਚ 18-44 ਸਾਲ ਦੇ 19,36,612 ਨੇ ਪਹਿਲਾ ਟੀਕਾ ਲਵਾਇਆ ਹੈ ਤੇ 12,65,602 ਨੇ ਦੂਜਾ ਟੀਕਾ ਲਗਵਾਇਆ ਹੈ।